ਵਿਧਾਇਕ ਵੱਲੋਂ ਬਣਾਏ ਬਦਲਵੇਂ ਰਸਤੇ ਤੇ ਟੋਲ ਪਲਾਜਾ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾਕੇ ਸ਼ੁਰੂ ਕੀਤਾ ਟੋਲ ਟੈਕਸ ਵਸੂਲਣਾ

 to 
 
ਧੂਰੀ, 27 ਜੁਲਾਈ *ਸੀ.ਸੀ.ਪੀ.ਨਿਊਜ਼* (ਪ੍ਰਵੀਨ ਗਰਗ) ਧੂਰੀ-ਸੰਗਰੂਰ ਮੁੱਖ ਮਾਰਗ ਤੇ ਪਿੰਡ ਲੱਡਾ ਦੇ ਨਜ਼ਦੀਕ ਲੱਗੇ ਟੋਲ ਪਲਾਜੇ ਦੇ ਕੋਲ ਰਜਵਾਹੇ ਦੇ ਨਾਲ-ਨਾਲ ਬਣੇ ਬਦਲਵੇਂ ਰਸਤੇ ਤੇ ਅੱਜ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਨੇ ਟੋਲ ਬੂਥ ਲਗਾ ਕੇ ਇੱਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਤੋਂ ਵੀ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਬਦਲਵੇਂ ਰਸਤੇ ਤੇ ਟੋਲ ਪਰਚੀ ਵਸੂਲੇ ਜਾਣ ਦਾ ਪਤਾ ਲੱਗਣ ਤੇ ਹਲਕਾ ਵਿਧਾਇਕ ਸ਼੍ਰੀ ਦਲਵੀਰ ਗੋਲਡੀ ਨੇ ਮੌਕੇ ਤੇ ਪਹੁੰਚ ਕੇ ਟੋਲ ਪਲਾਜ਼ਾ ਪ੍ਰਬੰਧਕਾਂ ਨੂੰ ਇਸ ਬਦਲਵੇਂ ਰਸਤੇ ਤੇ ਲੰਘਣ ਵਾਲੇ ਲੋਕਾਂ ਪਾਸੋਂ ਟੋਲ ਵਸੂਲਣਾ ਬੰਦ ਕਰਵਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼੍ਰੀ ਦਲਵੀਰ ਗੋਲਡੀ ਨੇ ਦੱਸਿਆ ਕਿ ਉਹਨਾਂ ਨੇ ਇਸ ਫੈਸਲੇ ਖਿਲਾਫ ਮਾਣਯੋਗ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਅੱਜ ਹੋਣੀ ਸੀ ਪ੍ਰੰਤੂ ਹਾਈ ਕੋਰਟ ਵਿੱਚ ਵਕੀਲਾਂ ਵੱਲੋਂ ਨੋ-ਵਰਕ ਹੋ ਜਾਣ ਕਾਰਨ ਇਹ ਮਾਮਲਾ ਅੱਗੇ ਪੈ ਗਿਆ ਹੈ। ਉਹਨਾਂ ਕਿਹਾ ਕਿ ਇਹ ਰਸਤਾ ਲੋਕਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਉਹਨਾਂ ਨੇ ਆਪਣੀ ਜੇਬ ਚੋਂ ਪੈਸੇ ਖਰਚ ਕੇ ਲੋਕਾਂ ਦੀ ਸਹੂਲਤ ਲਈ ਬਣਵਾਇਆ ਹੈ। ਦੂਜੇ ਪਾਸੇ ਟੋਲ ਪਲਾਜੇ ਦੇ ਇੱਕ ਅਧਿਕਾਰੀ  ਨੇ  ਗੱਲਬਾਤ ਕਰਦਿਆਂ  ਕਿਹਾ ਕਿ ਵਿਧਾਇਕ ਨੇ ਆਪਣੇ ਰੁਤਬੇ ਦੇ ਦਬਾਓ ਕਾਰਨ ਇਸ ਬਦਲਵੇਂ ਰਸਤੇ ਉੱਪਰ ਲਗਾਈ ਟੋਲ ਪਰਚੀ ਬੰਦ ਕਰਵਾ ਦਿੱਤੀ ਹੈ ਜਦੋਂਕਿ ਉਹ ਅਜਿਹਾ ਮਾਣਯੋਗ ਅਦਾਲਤ ਸੰਗਰੂਰ ਦੇ ਹੁਕਮਾਂ ਮੁਤਾਬਿਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਕਰ ਰਹੇ ਸਨ। ਇਸ ਸਬੰਧੀ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਸੰਗਰੂਰ ਪਾਸੋਂ ਪ੍ਰਾਪਤ ਹੋਏ ਹੁਕਮਾਂ ਦੀ ਪਾਲਨਾ ਕਰਦੇ ਹੋਏ ਇਹ ਟੋਲ ਪਲਾਜਾ ਪੀ.ਡਬਲਯੂ.ਡੀ. ਮਹਿਕਮੇ ਵੱਲੋਂ ਲਗਾਇਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜੇਕਰ ਇਸ ਬਦਲਵੇਂ ਰਸਤੇ ਤੇ ਟੋਲ ਪਲਾਜ਼ਾ ਪ੍ਰਬੰਧਕ ਟੋਲ ਲਗਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਇਸ ਬਦਲਵੇਂ ਰਸਤੇ ਤੋਂ ਲੰਘਣ ਵਾਲੇ ਹਲਕਾ ਧੂਰੀ ਨਾਲ ਸਬੰਧਤ ਹਜ਼ਾਰਾਂ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ।
ਫਿਲਹਾਲ ਹਲਕੇ ਦੇ ਲੋਕਾਂ ਨੂੰ ਬਦਲਵੇਂ ਰਸਤੇ ਤੇ ਟੋਲ ਦੇਣ ਤੋਂ ਰਾਹਤ ਮਿਲ ਗਈ ਹੈ। ਇਸ ਮੌਕੇ ਡੀ.ਐਸ.ਪੀ. ਧੂਰੀ  ਸ਼੍ਰੀ ਰਛਪਾਲ ਸਿੰਘ, ਐਕਸੀਅਨ ਪੀ.ਡਬਲਯੂ.ਡੀ. ਸ਼੍ਰੀ ਜਗਦੀਪ ਸਿੰਘ ਤੂੰਗ, ਨਾਇਬ ਤਹਿਸੀਲਦਾਰ ਧੂਰੀ ਸ਼੍ਰੀ ਖੁਸ਼ਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਸ਼ੇਰਪੁਰ ਸ਼੍ਰੀ ਕਰਮਜੀਤ ਸਿੰਘ, ਐਸ.ਐਚ.ਓ. ਸਿਟੀ ਸ਼੍ਰੀ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ।