ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਅਮਲ ਸਬੰਧੀ ਜਾਣੂ ਕਰਵਾਇਆ

Chamcharik Patrika  **CCP NEWS**
ਫਰੀਦਕੋਟ (ਜਸਵਿੰਦਰ ਜੱਸੀ) ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਅੱਜ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਅਮਲ ਦੀ ਪ੍ਰਕਿਰਿਆ, ਆਈ.ਟੀ. ਐਪਲੀਕੇਸ਼ਨ, ਨੌਮੀਨੇਸ਼ਨ ਫਾਰਮ ਭਰਨ, ਆਦਿ ਵੱਖ ਵੱਖ ਵਿਸ਼ਿਆ ਸਬੰਧੀ ਵਿਸ਼ੇਸ਼ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਫਰੀਦਕੋਟ ਸ੍ਰੀ ਕੁਮਾਰ ਸੋਰਭ ਰਾਜ ਆਈ.ਏ.ਐਸ. ਨੇ ਕੀਤੀ । ਇਸ ਟਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਟਰੇਨਿੰਗ ਸੈਸ਼ਨ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਨੌਮੀਨੇਸ਼ਨ ਫਾਰਮ ਭਰਨ, ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਲੈਣ ਲਈ ਆਨਲਾਈਨ ਐਪਲੀਕੇਸ਼ਨ ਸੁਵਿਧਾ ਦੀ ਕਿਸ ਤਰ੍ਹਾਂ ਵਰਤੋਂ ਕਰਨੀ ਹੈ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਵੇਂ ਕਿ ਲਾਊਡ ਸਪੀਕਰ, ਗੱਡੀਆਂ ਸਬੰਧੀ, ਹੈਲੀਕਾਪਟਰ ਆਦਿ ਦੀ ਵਰਤੋਂ ਸਬੰਧੀ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਬਣਾਈ ਜਾਵੇ ਤਾਂ ਜੋ ਚੋਣ ਅਮਲ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ । ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪਣਾ ਨੌਮੀਨੇਸ਼ਨ ਫਾਰਮ ਭਰਨ ਤੋਂ ਇਕ ਦਿਨ ਪਹਿਲਾਂ ਆਪਣਾ ਨਵਾਂ ਬੈਂਕ ਅਕਾਊਂਟ ਖੁਲਵਾਉਣ ਤਾਂ ਜੋ ਚੋਣਾਂ ਸਮੇਂ ਕੀਤੇ ਜਾ ਰਹੇ ਖਰਚ ਸਬੰਧੀ ਜਾਣਕਾਰੀ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਈ.ਡੀ.ਸੀ.( ਇਲੈਕਸ਼ਨ ਡਿਊਟੀ ਕਾਰਡ) ਜਾਰੀ ਕੀਤਾ ਗਿਆ ਹੈ। ਇਸ ਕਾਰਡ ਨਾਲ ਡਿਊਟੀ ਦੇ ਰਿਹਾ ਕੋਈ ਵੀ ਕਰਮਚਾਰੀ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਉਮੀਦਵਾਰ ਜੋ ਪਾਰਟੀ ਨੇ ਕਿਸੇ ਹੋਰ ਸਥਾਨ ਤੇ ਡਿਊਟੀ ਲਈ ਭੇਜਿਆ ਹੈ ਉਥੇ ਮੌਜੂਦ ਪੌਲਿੰਗ ਸਟੇਸ਼ਨ ਤੇ ਉਸ ਕਾਰਡ ਨੂੰ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।  ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਸ: ਪਰਮਦੀਪ ਸਿੰਘ ਨੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਨੌਮੀਨੇਸ਼ਨ ਫਾਰਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਨਾਮਜ਼ਦਗੀ ਪੱਤਰ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਇਸ ਲਈ ਉਮੀਦਵਾਰ ਨੌਮੀਨੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਮ੍ਹਾਂ ਕਰਵਾਉਣ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਇਹ ਵੀ ਦੱਸਿਆ ਕਿ ਇਕ ਪਾਰਟੀ ਦੇ ਸਿਰਫ 5 ਵਿਅਕਤੀ ਹੀ ਨਾਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਮਰੇ ਵਿੱਚ ਆ ਸਕਦੇ ਹਨ।ਉਨ੍ਹਾਂ ਦੱਸਿਆ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦੇਣ ਸਮੇਂ ਗੱਡੀ 100 ਮੀਟਰ ਘੇਰੇ ਤੋਂ ਬਾਹਰ ਖੜ੍ਹੀ ਕਰਨੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਵਰਤਣ ਵਾਲੀ ਗੱਡੀ ਦੀ ਅਗੇਤੀ ਪ੍ਰਵਾਨਗੀ ਲਈ 48 ਘੰਟੇ ਪਹਿਲਾ ਸਬੰਧਤ ਅਧਿਕਾਰੀ ਤੋਂ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਆਨਲਾਈਨ ਐਪਲੀਕੇਸ਼ਨ ਸੁਵਿਧਾ ਦੀ ਵਰਤੋਂ ਵੱਧ ਤੋਂ ਵੱਧ ਕਰਨ ਤਾਂ ਜੋ ਉਹ ਬਿਨਾਂ ਕਿਸੇ ਦਿੱਕਤ ਦੇ ਆਪਣੀ ਪਾਰਟੀ ਦਾ ਪ੍ਰਚਾਰ ਕਰ ਸਕਣ ।  ਇਸ ਮੌਕੇ ਜਿਲ੍ਹਾ ਮਾਲ ਅਫਸਰ ਸ: ਅਵਤਾਰ ਸਿੰਘ, ਤਹਿਸੀਲਦਾਰ ਚੋਣਾਂ ਮੈਡਮ ਹਰਜਿੰਦਰ ਕੌਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ/ਨੁਮਾਇੰਦੇ ਹਾਜ਼ਰ ਸਨ