ਭੁੱਲ ਕੇ ਵੀ ਨਾ ਫੈਲਾਇਓ ਬਿਜਲੀ ਕੱਟ ਦੀ ਅਫ਼ਵਾਹ! ਹੋ ਸਕਦਾ ਦੇਸ਼ਧ੍ਰੋਹ ਦਾ ਮੁਕੱਦਮਾ

ਰਾਏਪੁਰ, Chamcharik Patrika (Ccp News):  ਛੱਤੀਸਗੜ੍ਹ ਵਿੱਚ ਸੋਸ਼ਲ ਮੀਡੀਆ ‘ਤੇ ਬਿਜਲੀ ਕਟੌਤੀ ਨਾਲ ਸਬੰਧਤ ਅਫ਼ਵਾਹ ਫੈਲਾਉਣ ਦੇ ਇਲਜ਼ਾਮ ਵਿੱਚ ਬੁੱਧਵਾਰ ਨੂੰ ਇੱਕ ਜਣੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਉਸ ਖ਼ਿਲਾਫ਼ ਆਈਪੀਸੀ ਤਹਿਤ ਰਾਜਧ੍ਰੋਹ ਦੀ ਧਾਰਾ 124ਏ ਤੇ ਸਰਕਾਰ ਖ਼ਿਲਾਫ਼ ਪ੍ਰਚਾਰ ਦੀ ਧਾਰਾ 505/1/2 ਹੇਠ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ।
      ਬਿਜਲੀ ਕੰਪਨੀ ਦੀ ਸ਼ਿਕਾਇਤ ‘ਤੇ ਰਾਜਨੰਦਗਾਂਵ ਜ਼ਿਲ੍ਹੇ ਦੇ ਮੁਸਰਾ ਡੋਂਗਰਗੜ ਦੇ ਰਹਿਣ ਵਾਲੇ ਮਾਂਗੇਲਾਲ ਅਗਰਵਾਲ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਵਾਇਰਲ ਵੀਡੀਓ ਵਿੱਚ ਮਾਂਗੇਲਾਲ ਅਗਰਵਾਲ ਕਹਿ ਰਿਹਾ ਸੀ ਕਿ ਛੱਤੀਸਗੜ੍ਹ ਸਰਕਾਰ ਦੀ ਇੱਕ ਇਨਵਰਟਰ ਕੰਪਨੀ ਨਾਲ ਸੈਟਿੰਗ ਹੋ ਗਈ ਹੈ। ਇਸ ਲਈ ਸੂਬਾ ਸਰਕਾਰ ਨੂੰ ਪੈਸਾ ਦਿੱਤਾ ਗਿਆ ਹੈ। ਕਰਾਰ ਮੁਤਾਬਕ ਘੰਟੇ-ਦੋ ਘੰਟੇ ਵਿੱਚ 10-15 ਮਿੰਟ ਲਈ ਬਿਜਲੀ ਕਟੌਤੀ ਹੁੰਦੀ ਰਹੇਗੀ, ਤਾਂ ਇਨਵਰਟਰ ਦੀ ਵਿਕਰੀ ਵਧੇਗੀ। ਵੀਡੀਓ ਨੂੰ ਜ਼ਬਤ ਕਰ ਲਿਆ ਗਿਆ ਹੈ। ਬਿਜਲੀ ਕੰਪਨੀ ਨੇ ਕਿਹਾ ਹੈ ਕਿ ਲੋਕ ਅਫ਼ਵਾਹਾਂ ਵੱਲ ਧਿਆਨ ਨਾ ਦੇਣ। ਚੇਅਰਮੈਨ ਨੇ ਕਿਹਾ ਕਿ ਕੰਪਨੀ ਦੇ ਮੁਲਾਜ਼ਮ ਬਿਜਲੀ ਪੂਰਤੀ ਲਈ ਜੁਟੇ ਹਨ। ਉਨ੍ਹਾਂ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਵਧਦੀ ਗਰਮੀ ਨਾਲ ਬਿਜਲੀ ਦੀ ਵੀ ਮੰਗ ਵਧ ਗਈ ਹੈ। ਇਸ ਦੇ ਨਾਲ ਹੀ ਅਫ਼ਸਰਾਂ ਨੇ ਕਿਹਾ ਕਿ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨਾ ਰਾਜਧ੍ਰੋਹ ਦਾ ਮਾਮਲਾ ਹੈ।
ਉੱਧਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੀਕੇ ਕੇਸ਼ਰਵਾਨੀ ਨੇ ਕਿਹਾ ਕਿ ਇਹ ਫੈਸਲਾ ਗੈਰ ਜਮਹੂਰੀ ਹੈ। ਹਰ ਵਿਅਕਤੀ ਨੂੰ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ। ਸਰਕਾਰ ਦਾ ਅਜਿਹਾ ਫੈਸਲਾ ਸੰਵਿਧਾਨ ਦੀ ਮੂਲ ਧਾਰਨਾ ਦੇ ਖ਼ਿਲਾਫ਼ ਹੈ।