ਪੀਜੀਆਈ ਹਸਪਤਾਲਾਂ ‘ਚ ਡਾਕਟਰਾਂ ਦੀ ਹੜਤਾਲ, ਮਰੀਜ਼ ਪ੍ਰੇਸ਼ਾਨ

ਚੰਡੀਗੜ੍ਹ,  Chamcharik Patrika (Ccp News) : ਪੱਛਮ ਬੰਗਾਲ ਵਿੱਚ ਪੀਜੀਆਈਐਮਐਸ ਦੇ ਜੂਨੀਅਰ ਡਾਕਟਰ ਨਾਲ ਡਿਉਟੀ ਦੌਰਾਨ ਕੀਤੀ ਕੁੱਟ-ਮਾਰ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਪੀਜੀਆਈ ਦੇ ਜੂਨੀਅਰ ਡਾਕਟਰਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦੇ ਹੋਏ ਹੜਤਾਲ ਕਰ ਦਿੱਤੀ। ਹਾਲਾਂਕਿ 4 ਘੰਟਿਆਂ ਬਾਅਦ ਹੜਤਾਲ ਸਮਾਪਤ ਕਰ ਦਿੱਤੀ ਗਈ ਪਰ ਇਸ ਦੌਰਾਨ ਜੂਨੀਅਰ ਡਾਕਟਰਾਂ ਵੱਲੋਂ ਕੀਤੀ ਹੜਤਾਲ ਦੀ ਵਜ੍ਹਾ ਕਰਕੇ ਓਪੀਡੀ ਤੇ ਆਪਰੇਸ਼ਨ ਥੀਏਟਰ ਵਿੱਚ ਮਰੀਜ਼ਾਂ ਨੂੰ ਮੁਸ਼ਕਲਾਂ ਆਈਆਂ।

ਉੱਧਰ ਰੋਹਤਕ ਪੀਜੀਆਈਐਮਐਸ ਵਿੱਚ ਵੀ ਜੂਨੀਅਰ ਡਾਕਟਰ ਓਂਕਾਰ ਦੀ ਖ਼ੁਦਕੁਸ਼ੀ ਦੇ ਮਾਮਲੇ ਸਬੰਧੀ ਵੀ ਰੈਜ਼ੀਡੈਂਟਸ ਡਾਕਟਰਾਂ ਐਸੋਸੀਏਸ਼ਨ ਨੇ ਪੂਰਨ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਜੂਨੀਅਰ ਡਾਕਟਰਾਂ ਦੇ ਨਾਲ-ਨਾਲ ਸੀਨੀਅਰ ਰੈਜ਼ੀਡੈਂਟ ਵੀ ਆਪਣਾ ਕੰਮਕਾਜ ਛੱਡ ਕੇ ਓਪੀਡੀ ਤੇ ਵਾਰਡਾਂ ਤੋਂ ਬਾਹਰ ਹੜਤਾਲ ਵਿੱਚ ਮੌਜੂਦ ਰਹੇ। ਮ੍ਰਿਤਕ ਡਾ. ਓਂਕਾਰ ਦੀ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਹਾਲੇ ਵੀ ਪਤਾ ਨਹੀਂ ਲੱਗਾ, ਪੁਲਿਸ ਓਂਕਾਰ ਦੇ ਪਰਿਵਾਰ ਵਾਲਿਆਂ ਦੀ ਉਡੀਕ ਕਰ ਰਹੀ ਹੈ।

ਮ੍ਰਿਤਕ ਓਂਕਾਰ ਦੇ ਸਾਥੀ ਡਾਕਟਰਾਂ ਨੇ ਦੱਸਿਆ ਹੈ ਕਿ ਉਸ ਨੇ ਭੈਣ ਦੇ ਵਿਆਹ ਜਾਣਾ ਸੀ ਪਰ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ, ਇਸੇ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਐਚਓਡੀ ਡਾ. ਗੀਤਾ ਗਠਵਾਲਾ ‘ਤੇ ਓਂਕਾਰ ਨੂੰ ਛੁੱਟੀ ਨਾ ਦੇਣ ਤੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਇਲਜ਼ਾਮ ਲਾਇਆ ਹੈ। ਡਾ. ਗੀਤਾ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਇੱਥੇ ਵੀ ਡਾਕਟਰਾਂ ਦੀ ਹੜਤਾਲ ਕਰਕੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।