ਕੇਜਰੀਵਾਲ ਸਰਕਾਰ ਨੇ 90 ਹਜ਼ਾਰ ਆਟੋ ਰਿਕਸ਼ਾ ਵਾਲੇ ਕੀਤੇ ਖੁਸ਼

ਨਵੀਂ ਦਿੱਲੀ: ccp news ਦਿੱਲੀ ਦੀ ‘ਆਪ’ ਸਰਕਾਰ ਨੇ ਬੁੱਧਵਾਰ ਨੂੰ ਆਟੋ ਰਿਕਸ਼ਾ ਕਿਰਾਏ ‘ਚ ਵਾਧੇ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਹੈ। ਇਸ ਨਾਲ ਮੌਜੂਦਾ ਕਿਰਾਏ ‘ਚ 18.75 % ਦਾ ਵਾਧਾ ਹੋਵੇਗਾ। ਅਗਲੇ ਮਹੀਨੇ ਤੋਂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਇਹ ਕਦਮ ਚੁੱਕਿਆ ਗਿਆ ਹੈ। ਇਸ ਕਦਮ ਨਾਲ ਰਾਸ਼ਟਰੀ ਰਾਜਧਾਨੀ ‘ਚ ਚੱਲਣ ਵਾਲੇ 90 ਹਜ਼ਾਰ ਦੇ ਕਰੀਬ ਆਟੋ ਰਿਕਸ਼ਾ ਮਾਲਕਾਂ ਤੇ ਚਾਲਕਾਂ ਨੂੰ ਫਾਇਦਾ ਪਹੁੰਚੇਗਾ।

ਆਵਾਜਾਈ ਮੰਤਰੀ ਕੈਲਾਸ਼ ਗਹਿਲੌਤ ਨੇ ਟਵਿਟਰ ‘ਤੇ ਲਿਖਿਆ ਹੈ, “ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣਾ ਮੁੱਖ ਵਾਅਦਾ ਪੂਰਾ ਕੀਤਾ। ਆਵਾਜਾਈ ਵਿਭਾਗ ਨੇ ਆਟੋ ਰਿਕਸ਼ਾ ਕਿਰਾਇਆ ਸੋਧ ਨੂੰ ਨੋਟੀਫਾਈਡ ਕਰ ਦਿੱਤਾ ਹੈ। ਸੋਧ ਤੋਂ ਬਾਅਦ ਵੀ ਦਿੱਲੀ ‘ਚ ਆਟੋ ਰਿਕਸ਼ਾ ਕਿਰਾਇਆ ਹੋਰ ਮਹਾਨਗਰਾਂ ਦੇ ਮੁਕਾਬਲੇ ਘੱਟ ਹੋਵੇਗਾ।”

ਨਵੀਆਂ ਦਰਾਂ ਤਹਿਤ ਪਹਿਲੇ 1.5 ਕਿਲੋਮੀਟਰ ਲਈ 25 ਰੁਪਏ ਮਿਲਣਗੇ। ਫਿਲਹਾਲ ਪਹਿਲਾਂ 2 ਕਿਲੋਮੀਟਰ ਲਈ 25 ਰੁਪਏ ਲੱਗਦੇ ਹਨ। ਪ੍ਰਤੀ ਕਿਲੋਮੀਟਰ ਦਾ ਕਿਰਾਇਆ ਪ੍ਰਤੀ 8 ਰੁਪਏ ਤੋਂ ਵਧ ਕੇ 9.5 ਰੁਪਏ ਹੋ ਗਿਆ ਹੈ। ਇਹ ਕਰੀਬ 18.75 ਫੀਸਦ ਹੈ।”

ਸੋਧ ‘ਚ ਪਹਿਲੀ ਵਾਰ ਇੰਤਜ਼ਾਰ ਸ਼ੁਲਕ 0.75 ਰੁਪਏ ਪ੍ਰਤੀ ਮਿੰਟ ਲਾਏ ਜਾਣ ਦੀ ਗੱਲ ਕਹਿ ਗਈ ਹੈ। ਜਦਕਿ ਸਾਮਾਨ ਸ਼ੁਲਕ 7.50 ਰੁਪਏ ਹੋਵੇਗਾ। ਇਸ ਨੂੰ ਕਾਨੂੰਨ ਵਿਭਾਗ ਦੀ ਰਾਏ ਤੋਂ ਬਾਅਦ ਗਹਿਲੋਤ ਦੀ ਮਨਜ਼ੂਰੀ ਨਾਲ ਜਾਰੀ ਕੀਤਾ ਗਿਆ। ਕਾਨੂੰਨ ਵਿਭਾਗ ਦੀ ਰਾਏ ਮੁਤਾਬਕ ਲੈਫਟੀਨੈਂਟ ਗਵਰਨਰ ਦੀ ਇਸ ਲਈ ਮਨਜ਼ੂਰੀ ਦੀ ਲੋਡ਼ ਨਹੀਂ ਹੈ।