ਕਮਿਸ਼ਨਰ ਮੰਡਲ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ

ਫਰੀਦਕੋਟ 12 ਜੂਨ ( ) : ਸੀਨੀਅਰ ਆਈ.ਏ.ਐਸ ਅਧਿਕਾਰੀ ਅਤੇ ਕੁਸ਼ਲ ਪ੍ਰਸਾਸ਼ਕ ਵਜੋਂ ਜਾਣੇ ਜਾਂਦੇ ਸ੍ਰੀ ਰਵਿੰਦਰ ਕੁਮਾਰ ਕੌਸਿਕ, ਆਈ.ਏ.ਐਸ ਨੇ ਅੱਜ ਬਤੌਰ ਕਮਿਸ਼ਨਰ ਮੰਡਲ ਫਰੀਦਕੋਟ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਉਨਾਂ ਨੂੰ ਸਥਾਨਕ ਦਰਬਾਰਗੰਜ ਕੰਪਲੈਕਸ  ਵਿਖੇ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆੱਨਰ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੋਰਭ ਰਾਜ ਸਮੇਤ ਜਿਲੇ ਦੇ ਸੀਨੀਅਰ ਅਧਿਕਾਰੀਆਂ ਨੇ ਉਨਾਂ ਨੂੰ ਜੀ ਆਇਆ ਕਿਹਾ ਅਤੇ ਜ਼ਿਲੇ ਵਿਚ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੇ ਮੁਬਾਰਕਵਾਦ ਦਿੱਤੀ।
ਸ੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਅਧਿਕਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨਾਂ ਨੂੰ ਬਾਬਾ ਫਰੀਦ ਦੀ ਚਰਨ ਛੋਹ ਪ੍ਰਾਪਤ ਦੀ ਪਵਿੱਤਰ ਧਰਤੀ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਜ਼ਿਲਾ ਵਾਸੀਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਰਵਿੰਦਰ ਕੁਮਾਰ ਕੌਸ਼ਿਕ 2002 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ। ਆਪ ਇਸ ਤੋਂ ਪਹਿਲਾਂ ਸੈਕਟਰੀ ਪਾਵਰ ਅਤੇ ਐਨਰਜੀ ਸੋਰਸਿਸ ਅਤੇ ਅਡੀਸ਼ਨਲ  ਕਮਿਸ਼ਨਰ ਮੰਡਲ ਰੂਪਨਗਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਸ: ਹਰਦੀਪ ਸਿੰਘ,  ਐਸ.ਡੀ.ਐਮ ਫਰੀਦਕੋਟ ਸ. ਪਰਮਦੀਪ ਸਿੰਘ,  ਐਸ.ਡੀ.ਐਮ. ਕੋਟਕਪੂਰਾ ਸ: ਬਲਵਿੰਦਰ ਸਿੰਘ, ਐਸ.ਡੀ.ਐਮ. ਜੈਤੋ ਸ੍ਰੀ ਰਾਮ ਸਿੰਘ,  ਤਹਿਸੀਲਦਾਰ ਫਰੀਦਕੋਟ ਮੈਡਮ ਲਵਪ੍ਰੀਤ ਕੌਰ, ਤਹਿਸੀਲਦਾਰ ਜੈਤੋ ਸ਼ੀਸ਼ਪਾਲ ਸਿੰਗਲਾ  ਆਦਿ ਵੀ ਹਾਜ਼ਰ ਸਨ।