ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੈੱਡ ਕੁਆਟਰ ਨਾ ਛੱਡਣ ਦੀਆਂ ਦਿੱਤੀਆਂ ਹਦਾਇਤਾਂ-ਡੀ.ਸੀ.

Chamcharik Patrika **CCP NEWS**
ਫਰੀਦਕੋਟ – (ਸਤਵਿੰਦਰਪਾਲ ਸਿੰਘ ਕੁੱਕੂ) ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਲੋਕ ਸਭਾ ਹਲਕਾ 09 ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ. ਵੱਲੋਂ ਲੋਕ ਸਭਾ ਚੋਣਾਂ ਦੀਆਂ ਫਾਈਨਲ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਵੱਖ ਵੱਖ ਏ.ਆਰ.ਓ ਅਤੇ ਨੋਡਲ ਅਫਸਰਾਂ ਤੋਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ।  ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਅਮਲ ਦੌਰਾਨ ਕੋਈ ਵੀ ਅਧਿਕਾਰੀ ਆਪਣਾ ਸਟੇਸ਼ਨ ਨਹੀਂ ਛੱਡੇਗਾ ਕਿਉਂਕਿ ਚੋਣ ਪ੍ਰਬੰਧਾਂ ਸਬੰਧੀ ਉਸ ਨੂੰ ਕਿਸੇ ਸਮੇਂ ਵੀ ਬੁਲਾਇਆ ਜਾ ਸਕਦਾ ਹੈ । ਇਸ ਮੌਕੇ ਉਨ੍ਹਾਂ ਪੋਸਟਲ ਬੈਲਟ ਪੇਪਰਾਂ, ਇਲੈਕਟ੍ਰੀਕਲੀ ਟਰਾਂਸਮੀਟਰਜ਼ ਪੋਸਟਲ ਬੈਲਟ ਸਿਸਟਮ( ਈ.ਟੀ.ਪੀ.ਬੀ.ਐਸ.) ਆਦਿ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਲੋਕ ਸਭਾ ਹਲਕਾ ਫਰੀਦਕੋਟ ਨਾਲ ਸਬੰਧਤ ਹੈ ਤਾਂ ਉਹ ਆਪਣੀ ਵੋਟ ਪਾਉਣ ਲਈ ਫਾਰਮ 12 ਏ ਭਰ ਕੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਪ੍ਰਾਪਤ ਕਰੇਗਾ ਅਤੇ ਉਹ ਚੋਣ ਡਿਊਟੀ ਵਾਲੀ ਥਾਂ ਤੇ ਇਲੈਕਸ਼ਨ ਡਿਊਟੀ ਕਾਰਡ ਦਿਖਾ ਕੇ ਆਪਣੀ ਵੋਟ ਪੋਲ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਫਰੀਦਕੋਟ ਹਲਕੇ ਤੋਂ ਬਾਹਰ ਦੇ ਹਲਕਿਆਂ ਨਾਲ ਸਬੰਧ ਰੱਖਦੇ ਹਨ ਉਹ ਫਾਰਮ 12 ਭਰ ਕੇ ਤੇ ਉਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਦਿੱਤੇ ਜਾਣਗੇ ਜੋ ਕਿ ਡਾਕ ਰਾਹੀਂ ਸਬੰਧਤ ਹਲਕੇ ਦੇ ਆਰ.ਓ ਨੂੰ ਭੇਜੇ ਜਾਣਗੇ।  ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪਸੀ ਤਾਲਮੇਲ ਨਾਲ ਚੋਣ ਅਮਲ ਨੂੰ  ਨੇਪਰੇ ਚਾੜਨ ਤਾਂ ਜੋ ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਜਾਂ ਆਮ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਇਹ ਵੀ ਦੱਸਿਆ ਕਿ 20 ਅਪ੍ਰੈਲ ਨੂੰ ਚੋਣ ਡਿਊਟੀ ਸਬੰਧੀ ਪਹਿਲੀ ਰਿਹਰਸਲ ਕੀਤੀ ਜਾਵੇਗੀ ਤੇ ਸਾਰੇ ਵਿਭਗਾਂ ਦੇ ਮੁੱਖੀ ਚੋਣ ਡਿਊਟੀ ਵਿੱਚ ਲੱਗੇ ਅਧਿਕਾਰੀਆਂ, ਕਰਮਚਾਰੀਆਂ ਨੂੰ ਸਮੇਂ ਸਿਰ ਸਬੰਧਤ ਥਾਂ ਤੇ ਪਹੁੰਚਣ ਲਈ ਪਾਬੰਦ ਕਰਨ।  ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ: ਗੁਰਜੀਤ ਸਿੰਘ, ਸ: ਪਰਮਦੀਪ ਸਿੰਘ ਐਸ.ਡੀ.ਐਮ. ਫਰੀਦਕੋਟ, ਐਸ.ਡੀ.ਐਮ.ਕੋਟਕਪੂਰਾ ਸ: ਬਲਵਿੰਦਰ ਸਿੰਘ, ਐਸ.ਡੀ.ਐਮੇ. ਜੈਤੋ ਸ੍ਰੀ ਰਾਮ ਸਿੰਘ, ਸ: ਭੁਪਿੰਦਰ ਸਿੰਘ ਐਸ.ਪੀ.ਐਚ., ਅਮਰੀਕ ਸਿੰਘ ਸਿਵਲ ਸਰਜਨ, ਡੀ.ਡੀ.ਪੀ.ਓ. ਮੈਡਮ ਬਲਜੀਤ ਕੌਰ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।