IND vs WI : ਭਾਰਤ ਨੇ ਜਿੱਤਿਆ ਟਾਸ, ਵਿੰਡੀਜ਼ ਕਰੇਗਾ ਪਹਿਲਾਂ ਗੇਂਦਬਾਜ਼ੀ

ਮੁੰਬਈ : ਭਾਰਤ ਤੇ ਵਿੰਡੀਜ਼ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਮੁੰਬਈ ਦੇ ਬ੍ਰਾਬੋਰਨ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤ ਨੇ ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।

ਇਸ ਤੋਂ ਪਹਿਲਾਂ ਭਾਰਤ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪਿਛਲੇ ਦੋ ਮੈਚਾਂ ‘ਚ ਸੈਂਕੜੇ ਵੀ ਜਿੱਤ ਨਹੀਂ ਦਿਵਾ ਸਕੇ ਤੇ ਉਸ ਦਾ ਮੰਨਣਾ ਹੈ ਕਿ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਵਨ ਡੇ ਵਿਚ ਜਿੱਤ ਦਰਜ ਕਰਨ ‘ਤੇ ਸੀਰੀਜ਼ ਵਿਚ ਬੜ੍ਹਤ ਬਣਾਉਣ ਲਈ ਟੀਮ ਨੂੰ ਆਪਣੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਠੀਕ ਤਰ੍ਹਾਂ ਨਾਲ ਲਾਗੂ ਕਰਨਾ ਪਵੇਗਾ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਮੁੰਬਈ ਵਿਚ ਚੌਥਾ ਵਨ ਡੇ ਡੇ-ਨਾਈਟ ਸਵਰੂਪ ਵਿਚ ਸੋਮਵਾਰ ਨੂੰ ਖੇਡਿਆ ਜਾਣਾ ਹੈ, ਜਿਥੇ ਮਹਿਮਾਨ ਟੀਮ ਵਿਰੁੱਧ ਪੰਜ ਮੈਚਾਂ ਦੀ ਸੀਰੀਜ਼ ਵਿਚ ਘਰੇਲੂ ਟੀਮ ਲਈ ਬੜ੍ਹਤ ਬਣਾਉਣਾ ਚੁਣੌਤੀ ਹੋਵੇਗਾ। ਵੈਸਟਇੰਡੀਜ਼ ਵਿਰੁੱਧ ਦੂਜਾ ਵਨ ਡੇ ਟਾਈ ਰਿਹਾ ਸੀ ਤੇ ਪੁਣੇ ਵਿਚ ਤੀਜੇ ਵਨ ਡੇ ‘ਚ ਭਾਰਤ ਨੂੰ 43 ਦੌੜਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਨਾਲ ਹੁਣ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਪਹੁੰਚ ਗਈਆਂ ਹਨ।  ਘਰੇਲੂ ਟੀਮ ਪਿਛਲੇ ਦੋਵਾਂ ਮੈਚਾਂ ਵਿਚ ਜਿੱਤ ਤੋਂ ਉਦੋਂ ਵਾਂਝੀ ਰਹੀ, ਜਦੋਂ ਵਿਰਾਟ ਨੇ ਦੂਜੇ ਵਨ ਡੇ ‘ਚ ਅਜੇਤੂ 157 ਤੇ ਪਿਛਲੇ ਮੈਚ ਵਿਚ 107 ਦੌੜਾਂ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਪਰ ਇਕੱਲੇ ਆਪਣੇ ਦਮ ‘ਤੇ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਪੁਣੇ ਮੈਚ ਤੋਂ ਬਾਅਦ ਵਿਰਾਟ ਨੇ ਮੰਨਿਆ ਕਿ ਨਾ ਤਾਂ ਉਸ ਨੂੰ ਦੂਜੇ ਪਾਸੇ ਪਾਸਿਓਂ ਕੋਈ ਮਦਦ ਮਿਲੀ, ਜਿਸ ਨਾਲ ਕੋਈ ਵੱਡੀ ਸਾਂਝੇਦਾਰੀ ਬਣ ਸਕੀ ਤੇ ਨਾ ਹੀ ਟੀਮ  ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਮੈਦਾਨ ‘ਤੇ ਚੰਗੀ ਤਰ੍ਹਾਂ ਨਾਲ ਲਾਗੂ ਕਰ ਸਕੀ।

ਭਾਰਤੀ ਟੀਮ 284 ਦੌੜਾਂ ਦੇ ਟੀਚੇ ਸਾਹਮਣੇ 240 ਦੌੜਾਂ ‘ਤੇ ਸਿਮਟ ਗਈ। ਮੈਚ ਵਿਚ 35ਵੇਂ ਓਵਰ ਤਕ ਟੀਮ ਦੀ ਗੇਂਦਬਾਜ਼ੀ ਠੀਕ ਸੀ ਪਰ ਆਖਰੀ 10 ਓਵਰਾਂ ਵਿਚ ਗੇਂਦਬਾਜ਼ਾਂ ਨੇ ਵੱਧ ਦੌੜਾਂ ਦਿੱਤੀਆਂ, ਜਦਕਿ ਬੱਲੇਬਾਜ਼ਾਂ, ਖਾਸ ਤੌਰ ‘ਤੇ ਮੱਧਕ੍ਰਮ ਨੇ ਨਿਰਾਸ਼ ਕੀਤਾ। ਖੁਦ ਵਿਰਾਟ ਨੇ ਵੀ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਹੈ। ਪਿਛਲੇ ਦੋ ਮੈਚਾਂ ‘ਚ ਨਿਰਾਸ਼ਾਜਨਕ ਨਤੀਜਿਆਂ ਤੋਂ ਸਾਫ ਹੈ ਕਿ ਮੁੰਬਈ ‘ਚ ਟੀਮ ਇੰਡੀਆ ਵਿਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਜਾਧਵ ਨੂੰ ਦਿੱਤਾ ਜਾ ਸਕਦੈ ਮੌਕਾ
ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ਵਿਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇ, ਜਿਸ ਨਾਲ ਉਸ ਨੂੰ ਬਿਹਤਰ ਨਤੀਜੇ ਦੀ ਉਮੀਦ ਹੈ, ਉਥੇ ਹੀ ਹਾਰਦਿਕ ਪੰਡਯਾ ਦੀ ਕਮੀ ਦਾ ਵੀ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਜੂਦਗੀ ਨਾਲ ਟੀਮ ਕੋਲ ਇਕ ਵਾਧੂ ਗੇਂਦਬਾਜ਼ੀ ਬਦਲ ਰਹਿੰਦਾ ਹੈ। ਟੀਮ ਕੋਲ ਛੇ ਗੇਂਦਬਾਜ਼ੀ ਬਦਲ ਹਨ, ਜਿਨ੍ਹਾਂ ਵਿਚੋਂ 5 ਨੂੰ ਚੁਣਿਆ ਜਾਵੇਗਾ, ਅਜਿਹੀ ਹਾਲਤ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਉਮੇਸ਼ ਯਾਦਵ ਵਿਚੋਂ ਕਿਸੇ ਇਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ, ਜਦਕਿ ਬੁਮਰਾਹ, ਭੁਵੀ, ਚਾਹਲ ਤੇ ਕੁਲਦੀਪ ‘ਤੇ ਅਗਲੇ ਮੈਚ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।  ਬੱਲੇਬਾਜ਼ੀ ਕ੍ਰਮ ਵਿਚ ਆਖਰੀ ਦੋ ਮੈਚਾਂ ‘ਚ ਕੇਦਾਰ ਦੀ ਵਾਪਸੀ ਨਾਲ ਟੀਮ ‘ਚ ਸੰਤੁਲਨ ਦੀ ਉਮੀਦ ਹੈ ਪਰ ਸ਼ਿਖਰ ਧਵਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੇ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਉਥੇ ਹੀ ਟੈਸਟ ਵਿਚ ਧਮਾਕੇਦਾਰ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਤੇ ਮਹਿੰਦਰ ਸਿੰਘ ਧੋਨੀ ਵੀ ਮੱਧਕ੍ਰਮ ਵਿਚ ਕੁਝ ਖਾਸ ਯੋਗਦਾਨ ਨਹੀਂ ਦੇ ਸਕੇ। ਧੋਨੀ ਪਿਛਲੇ ਮੈਚ ਵਿਚ 7 ਦੌੜਾਂ ਬਣਾ ਸਕਿਆ ਸੀ।
ਵੈਸਟਇੰਡੀਜ਼ ਦੇ ਹੌਸਲੇ ਬੁਲੰਦ
ਬਰਾਬਰੀ ਹਾਸਲ ਕਰਨ ਤੋਂ ਬਾਅਦ ਵੈਸਟਇੰਡੀਜ਼ ਦੇ ਹੌਸਲੇ ਬੁਲੰਦ ਹੋਏ ਹਨ, ਜਿਹੜੀ ਮੁੰਬਈ ‘ਚ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਵਿਕਟਕੀਪਰ ਸ਼ਾਈ ਹੋਪ ਚੰਗੀ ਲੈਅ ‘ਚ ਹੈ, ਜਿਸ ਨੇ ਪਿਛਲੇ ਦੋ ਮੈਚਾਂ ਵਿਚ ਅਜੇਤੂ 123 ਤੇ 95 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ, ਜਦਕਿ ਮੱਧਕ੍ਰਮ ‘ਚ ਸ਼ਿਮਰੋਨ ਹੈੱਟਮਾਇਰ, ਕਪਤਾਨ ਜੈਸਨ ਹੋਲਡਰ ਤੇ ਹੇਠਲੇਕ੍ਰਮ ‘ਤੇ ਐਸ਼ਲੇ ਨਰਸ ਚੰਗੇ ਸਕੋਰਰ ਹਨ।  ਗੇਂਦਬਾਜ਼ੀ ‘ਚ ਕੇਮਰ ਰੋਚ, ਹੋਲਡਰ, ਨਰਸ ਤੇ ਮਾਰਲਸ ਸੈਮੂਅਲਸ ਭਾਰਤੀ ਬੱਲੇਬਾਜ਼ਾਂ ਨੂੰ ਫਿਰ ਤੋਂ ਪ੍ਰੇਸ਼ਾਨ ਕਰ ਸਕਦੇ ਹਨ। ਸੈਮੂਅਲਸ ਨੇ ਪੁਣੇ ‘ਚ ਸਿਰਫ 12 ਦੌੜਾਂ ‘ਤੇ ਭਾਰਤ ਦੀਆਂ 3 ਵਿਕਟਾਂ ਲਈਆਂ ਸਨ।

ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਉਤਰੇਗਾ ਵਿਰਾਟ
ਜ਼ਬਰਦਸਤ ਫਾਰਮ ‘ਚ ਚੱਲ ਰਿਹਾ ਭਾਰਤੀ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਚੌਥੇ ਵਨ ਡੇ ਵਿਚ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਲਗਾਤਾਰ 4 ਸੈਂਕੜੇ ਲਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਉਤਰੇਗਾ। ਵਿਰਾਟ ਨੇ ਵਿੰਡੀਜ਼ ਵਿਰੁੱਧ ਮੌਜੂਦਾ ਵਨ ਡੇ ਸੀਰੀਜ਼ ਦੇ ਪਹਿਲੇ 3 ਮੈਚਾਂ ਵਿਚ ਸੈਂਕੜੇ ਲਾਏ ਹਨ।
ਭਾਰਤੀ ਕਪਤਾਨ ਸਾਹਮਣੇ ਹੁਣ ਸੰਗਾਕਾਰਾ ਦਾ 2015 ਦਾ ਵਿਸ਼ਵ ਰਿਕਾਰਡ ਹੈ। ਸੰਗਾਕਾਰਾ ਨੇ 2015 ਦੇ ਵਿਸ਼ਵ ਕੱਪ ਵਿਚ ਬੰਗਲਾਦੇਸ਼ ਵਿਰੁੱਧ ਅਜੇਤੂ 105, ਇੰਗਲੈਂਡ ਵਿਰੁੱਧ ਅਜੇਤੂ 117, ਆਸਟਰੇਲੀਆ ਵਿਰੁੱਧ 104 ਤੇ ਸਕਾਟਲੈਂਡ ਵਿਰੁੱਧ 124 ਦੌੜਾਂ ਬਣਾਈਆਂ ਸਨ। ਵਿਰਾਟ ਕੋਲ ਮੌਕਾ ਹੈ ਕਿ ਉਹ ਸੀਰੀਜ਼ ਵਿਚ ਲਗਾਤਾਰ ਚੌਥਾ ਸੈਂਕੜਾ ਲਾਏ ਤੇ ਸੰਗਾਕਾਰਾ ਦੇ ਰਿਕਾਰਡ ਦੀ ਬਰਾਬਰੀ ਕਰੇ।

ਧੋਨੀ ਤੋਂ ਅੱਗੇ ਨਿਕਲਿਆ ਵਿਰਾਟ
ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਦਿਨਾ ਕ੍ਰਿਕਟ ‘ਚ ਸਭ ਤੋ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਆਪਣੇ ਸਾਥੀ ਕ੍ਰਿਕਟਰ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਅੱਗੇ ਨਿਕਲ ਗਿਆ।  ਧੋਨੀ ਦੀਆਂ ਜਿਥੇ 330 ਮੈਚਾਂ ਵਿਚ 10150 ਦੌੜਾਂ ਹਨ, ਉਥੇ ਹੀ ਵਿਰਾਟ ਦੀਆਂ 214 ਮੈਚਾਂ ਵਿਚੋਂ 10183 ਦੌੜਾਂ ਹੋ ਗਈਆਂ ਹਨ। ਭਾਰਤੀ ਬੱਲੇਬਾਜ਼ ਤੋਂ ਹੁਣ ਅੱਗੇ ਰਾਹੁਲ ਦ੍ਰਾਵਿੜ (10889), ਸੌਰਭ ਗਾਂਗੁਲੀ (11363) ਤੇ ਸਚਿਨ ਤੇਂਦੁਲਕਰ (18426) ਹਨ।