3 ਸਾਲ ਪਹਿਲਾਂ ਵਾਪਰੇ ਬੇਅਦਬੀ ਮਾਮਲੇ ‘ਚ ਦੋ ਡੇਰਾ ਪ੍ਰੇਮੀ ਨਾਮਜ਼ਦ

ਮੋਗਾ : ਜ਼ਿਲਾ ਮੋਗਾ ਦੇ ਪਿੰਡ ਮੱਲਕੇ ਵਿਖੇ ਅਕਾਲੀ ਹਕੂਮਤ ਵੇਲੇ ਲਗਭਗ 3 ਵਰ੍ਹੇ ਪਹਿਲਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ 4 ਨਵੰਬਰ 2015 ਨੂੰ ਹੋਈ ਬੇਅਦਬੀ ਦੇ ਮਾਮਲੇ ਵਿਚ ਜਾਂਚ ਕਰ ਰਹੀ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਟੀਮ ਨੇ ਦੋ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਡੇਰਾ ਪ੍ਰੇਮੀਆਂ ਅਮਰਦੀਪ ਸਿੰਘ ਦੀਪਾ ਅਤੇ ਮਿੱਠੂ ਸਿੰਘ ਨੂੰ ਨਾਲ ਲੈ ਕੇ ਵਿਸ਼ੇਸ਼ ਜਾਂਚ ਟੀਮ ਨੇ ਅੱਜ ਇੰਸਪੈਕਟਰ ਦਲਬੀਰ ਸਿੰਘ ਅਤੇ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਘਟਨਾ ਸਥਾਨ ਦਾ ਦੌਰਾ ਕੀਤਾ। ਜਾਂਚ ਟੀਮ ਸਾਹਮਣੇ ਅਮਰਦੀਪ ਸਿੰਘ ਦੀਪਾ ਨੇ ਮੰਨਿਆ ਕਿ ਘਟਨਾ ਵਾਲੇ ਦਿਨ ਉਹ ਆਪਣੇ ਖ਼ੇਤ ਵਾਲੀ ਮੋਟਰ ‘ਤੇ ਸੁੱਤੇ ਸਨ ਅਤੇ ਉਸੇ ਰਾਤ ਹੀ ਡੇਰਾ ਸਿਰਸਾ ਦੀ ਪੰਤਾਲੀ ਮੈਂਬਰੀ ਕਮੇਟੀ ਦਾ ਮੈਂਬਰ ਪ੍ਰਿਥੀ ਸਿੰਘ ਇੰਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਦੇ ਕੇ ਗਿਆ ਸੀ ਅਤੇ ਅਸੀਂ ਇਸ ਮਗਰੋਂ ਮੋਟਰ ‘ਤੇ ਬੈਠ ਕੇ ਹੀ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ।

ਉਕਤ ਨੇ ਦੱਸਿਆ ਕਿ ਅਸੀਂ ਅੰਗਾਂ ਨੂੰ ਮੋਟਰਸਾਈਕਲ ‘ਤੇ ਸਵਾਰ ਕੇ ਪਹਿਲਾਂ ਸਮਾਲਸਰ ਵਾਲੇ ਮੋੜ, ਪਿੰਡ ਦੇ ਖੂਹ ਅਤੇ ਹੋਰ ਥਾਵਾਂ ‘ਤੇ ਖਿਲਾਰਦੇ ਹੋਏ ਬਰਗਾੜੀ ਵਾਲੇ ਕੱਚੇ ਰਸਤੇ ‘ਤੇ ਪਾਵਨ ਸਰੂਪਾ ਦੀ ਜਿਲਦਾ ਖ਼ੇਤਾ ਵਿਚ ਸੁੱਟ ਦਿੱਤੀਆਂ। ਇੰਸਪੈਕਟਰ ਦਲਬੀਰ ਸਿੰਘ ਵੱਲੋਂ ਇਸ ਸਾਰੀ ਜਾਂਚ ਦੀ ਵੀਡੀਓਗ੍ਰਾਫੀ ਕਰਵਾ ਕੇ ਬੇਅਦਬੀ ਦੌਰਾਨ ਇਕੱਤਰ ਕੀਤੇ ਪਾਵਨ ਅੰਗਾਂ ਜਿੰਨ੍ਹਾਂ ਨੂੰ ਉਸ ਸਮੇਂ ਸੀਲ ਕਰਕੇ ਪਿੰਡ ਮੱਲਕੇ ਗੁਰਦੁਆਰਾ ਸਾਹਿਬ ਦੇ ਸੱਚ ਖੰਡ ਵਿਚ ਰੱਖਿਆ ਹੋਇਆ ਸੀ ਦੀ ਵੀ ਵੀਡੀਓਗ੍ਰਾਫੀ ਕੀਤੀ ਗਈ। ਇਸ ਸਮੇਂ ਐੱਸ. ਪੀ. ਡੀ. ਵਜੀਰ ਸਿੰਘ ਡੀ. ਐੱਸ.ਪੀ. ਬਾਘਾਪੁਰਾਣਾ ਰਣਯੋਧ ਸਿੰਘ, ਸਾਬਕਾ ਚੇਅਰਮੈਨ ਬਿਜਲੀ ਬੋਰਡ ਹਰਿੰਦਰ ਸਿੰਘ ਮੱਲਕੇ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ।