ਸਿਹਤ ਵਿਭਾਗ ਦੀ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਜਾਰੀ

ਫਤਿਹਗੜ੍ਹ ਸਾਹਿਬ – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵਲੋਂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਮੰਡੀ ਗੋਬਿੰਦਗਡ਼੍ਹ ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਦਲੀਪ ਨਗਰ, ਸੰਤ ਨਗਰ, ਮੰਡੀ ਗੋਬਿੰਦਗਡ਼੍ਹ ਵਿਖੇ ਘਰ-ਘਰ ਜਾ ਕੇ ਡਰਾਈ ਡੇਅ ਮੁਹਿੰਮ ਤਹਿਤ ਸਰਵੇ ਕੀਤਾ ਗਿਆ ਅਤੇ ਮੌਕੇ ’ਤੇ ਕੂਲਰਾਂ, ਫਰਿਜਾਂ ਦੀਆਂ ਟਰੇਆਂ, ਗਮਲੇ, ਟਾਇਰ, ਟੁੱਟਿਆ-ਭੱਜਿਆ ਸਾਮਾਨ ਜਿਸ ’ਚ ਪਾਣੀ ਖਡ਼ਦਾ ਸੀ ਆਦਿ ਖਾਲੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਉਕਤ ਮੁਹੱਲਿਆਂ ਵਿਚ ਮੱਛਰਾਂ ਦਾ ਲਾਰਵਾ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਗਿਆ ਤੇ 10 ਵਿਅਕਤੀਆਂ ਦੇ ਚਲਾਨ ਕੱਟੇ ਗਏ ਤੇ ਪੈਸਟੀਸਾਈਡ ਦਵਾਈ ਦਾ ਸਪਰੇਅ ਕੀਤਾ ਗਿਆ । ਕਾਰਜਸਾਧਕ ਅਫਸਰ ਨੇ ਦੱਸਿਆ ਕਿ ਮੁਹੱਲਾ ਨਿਵਾਸੀਆਂ ਨੂੰ ਬੀਮਾਰੀਆਂ ਤੋਂ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ ਤੇ ਲਿਟਰੇਚਰ ਵੀ ਵੰਡਿਆ ਗਿਆ। ਇਸ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਆਦਿ ਤੋਂ ਬਚਾਅ ਵਾਸਤੇ ਮੱਛਰ ਨੂੰ ਵਧਣ ਤੋਂ ਰੋਕਣ ਲਈ ਸਹਿਯੋਗ ਦੇਵੋ ਤੇ ਆਪਣੇ ਘਰਾਂ ਵਿਚ ਦਿਨ ਵੇਲੇ ਵੀ ਆਲ-ਆਊਟ ਚਲਾ ਕੇ ਰੱਖੋ ਅਤੇ ਘਰਾਂ ਦੇ ਆਸ-ਪਾਸ ਪਾਣੀ ਖਡ਼੍ਹਾ ਨਾ ਹੋਣ ਦੇਵੋ, ਛੱਤ ’ਤੇ ਟਾਇਰ, ਪਲਾਸਟਿਕ ਦਾ ਸਾਮਾਨ, ਟੁੱਟੇ ਗਮਲੇ ਨਾ ਰੱਖੇ ਜਾਣ। ਉਨ੍ਹਾਂ ਹੋਰ ਕਿਹਾ ਕਿ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖੀਅਾਂ ਜਾਣ ਤਾਂ ਜੋ ਇਨ੍ਹਾਂ ਬੀਮਾਰੀਆਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਟੀਮ ’ਚ ਨਗਰ ਕੌਂਸਲ ਦੇ ਸੈਨੇਟਰੀ ਸੁਪਰਵਾਈਜ਼ਰ ਰਮੇਸ਼ ਕੁਮਾਰ, ਹੈਲਥ ਇੰਸਪੈਕਟਰ ਹਰਮਿੰਦਰ ਪਾਲ, ਇੰਸੈਕਟ ਕੁਲੈਕਟਰ ਮਨਦੀਪ ਕੌਰ, ਜਸਵਿੰਦਰ ਸਿੰਘ, ਕਮਿਊਨਿਟੀ ਫੈਸਿਲੀਟੇਟਰ ਹਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।