ਸਰਕਾਰ ਨੇ ਸਾਇੰਸ ਸੈਮੀਨਾਰਾਂ ਦਾ ਬਾਈਕਾਟ ਕਰਨ ਵਾਲੇ ਅਧਿਆਪਕਾਂ ਦੀਅਾਂ ਕੀਤੀਆਂ ਬਦਲੀਆਂ

ਪਟਿਆਲਾ (ਮੋਹਨ ਗੁਰਪ੍ਰੀਤ ਸਿੰਘ)- ਸਿੱਖਿਆ ਵਿਭਾਗ ਵੱਲੋਂ ਲਾਏ ਜਾ ਰਹੇ ਸਾਇੰਸ ਸੈਮੀਨਾਰਾਂ ਦਾ ਬਾਈਕਾਟ ਕਰਨ ਵਾਲੇ ਅਧਿਆਪਕਾਂ ਦੀਆਂ ਬਦਲੀਆਂ ਕਰ  ਦਿੱਤੀਅਾਂ  ਗਈਅਾਂ  ਹਨ। ਇਸ ਤੋਂ ਭਡ਼ਕੇ ਅਧਿਆਪਕਾਂ ਨੇ ਅੱਜ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਦਾ ਘਿਰਾਓ ਕਰ ਕੇ ਸਿੱਖਿਆ ਵਿਭਾਗ ਵੱਲੋਂ ਜਾਰੀ ਬਦਲੀਆਂ ਦੇ ਆਰਡਰ ਅਤੇ ਸਿੱਖਿਆ ਸਕੱਤਰ ਦੀ ਅਰਥੀ ਸਾਡ਼ ਕੇ ਰੋਸ ਮੁਜ਼ਾਹਰਾ ਕੀਤਾ। ਆਪਣੀਆਂ ਪੂਰੀਆਂ ਤਨਖਾਹਾਂ ਲੈਣ ਲਈ ਪਟਿਆਲਾ ਵਿਚ ਅਧਿਆਪਕਾਂ ਦਾ ਮੋਰਚਾ ਅੱਜ 24ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।
ਇਸ ਮੌਕੇ ਅਧਿਆਪਕ ਮੋਰਚਾ ਦੇ ਟੈਂਟ ਵਿਚ ਭੁੱਖ ਹਡ਼ਤਾਲ ’ਤੇ ਬੈਠਣ ਜਾ ਰਹੇ ਅਧਿਆਪਕਾਂ ਦੀਆਂ ਮਾਵਾਂ ਵੱਲੋਂ ਆਮ ਲੋਕਾਂ ਲਈ ਇਕ ਪੱਤਰ ਜਾਰੀ ਕੀਤਾ ਗਿਆ। ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਸਾਡੇ ਪੁੱਤਰ-ਧੀਆਂ ਪਟਿਆਲਾ ਸ਼ਹਿਰ ਵਿਚ ਪਿਛਲੇ 25 ਦਿਨਾਂ ਤੋਂ ਪੱਕੇ ਧਰਨੇ ਅਤੇ ਭੁੱਖ ਹਡ਼ਤਾਲ ’ਤੇ ਬੈਠੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੇ 6 ਮਹੀਨਿਆਂ ਤੋਂ ਇਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਅਾਂ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਇਕ ਫ਼ੈਸਲਾ ਕਰ ਕੇ ਤਨਖਾਹਾਂ ’ਤੇ ਵੱਡਾ ਕੱਟ ਲਾ ਕੇ ਸਾਡੇ ਬੱਚਿਆਂ ਦੇ ਮੂੰਹ ’ਚੋਂ ਰੋਟੀ ਖੋਹ ਲਈ ਹੈ। ਇਹ ਅਧਿਆਪਕ ਪਿਛਲੇ 10-10 ਸਾਲਾਂ ਤੋਂ ਕੱਚੀਆਂ ਨੌਕਰੀਆਂ ’ਤੇ ਕੰਮ ਕਰ ਰਹੇ ਹਨ। ਤਨਖਾਹਾਂ ’ਤੇ ਕੱਟ ਲਾਉਣ ਦਾ ਫੈਸਲਾ ਇਨ੍ਹਾਂ ਅਧਿਆਪਕਾਂ ਨੂੰ ਪੱਕਾ ਕਰਨ ਦੀ ਆਡ਼ ਹੇਠ ਕੀਤਾ ਗਿਆ ਹੈ। ਅਸੀਂ ਸਮਝਦੇ ਹਾਂ ਕਿ ਕਾਂਗਰਸ ਪਾਰਟੀ ਦੇ ਜ਼ਿਲਾ ਇੰਚਾਰਜ, ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੀ ਇਹ ਫੈਸਲਾ ਲਿਆ ਗਿਆ। ਜੇਕਰ ਕਾਂਗਰਸ ਪਾਰਟੀ ਦਾ ਹਰ ਸਰਗਰਮ ਅਤੇ ਈਮਾਨਦਾਰ ਵਰਕਰ ਆਪਣੀ ਪਾਰਟੀ ਦੇ ਇਸ ਗਲਤ ਫ਼ੈਸਲੇ ਖ਼ਿਲਾਫ ਨਹੀਂ ਬੋਲਦਾ ਤਾਂ ਅਸੀਂ ਸਮਝਦੇ ਹਾਂ ਕਿ ਉਹ ਵੀ ਆਪਣੇ ਭੈਣਾਂ-ਭਾਈਆਂ ਦੇ ਵਿਰੋਧ ਵਿਚ ਖੜ੍ਹਾ ਹੈ। ਅਧਿਆਪਕਾਂ ਦਾ ਰੋਸ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।
ਇਨ੍ਹਾਂ ਅਧਿਆਪਕਾਂ ਨੇ ਰੱਖੀ ਭੁੱਖ ਹਡ਼ਤਾਲ
ਅੱਜ 24 ਘੰਟਿਆਂ ਦੀ ਭੁੱਖ ਹਡ਼ਤਾਲ ਵਿਚ ਸੁਦੇਸ਼ ਕੁਮਾਰ ਪਟਿਆਲਾ, ਮੈਡਮ ਸ਼ਿਵਾਲੀ ਲਹਿਰਾਗਾਗਾ, ਕੁਲਦੀਪ ਮਹਿਤਾਬਗਡ਼੍ਹ ਫਤਹਿਗਡ਼੍ਹ ਸਾਹਿਬ, ਲਖਵਿੰਦਰ ਸਿੰਘ ਫਤਹਿਗਡ਼੍ਹ ਸਾਹਿਬ, ਨਵਨੀਤ ਕੌਰ ਸੰਗਰੂਰ, ਮਹਿੰਦਰ ਕੌਡ਼ੀਆਂ ਵਾਲੀ ਫਾਜ਼ਿਲਕਾ, ਪਰਮਵੀਰ ਸਿੰਘ (ਕੰ. ਫੈਕਲਟੀ), ਸੁਰਦੀਪ ਸਿੰਘ ਜਲੋਵਾਲ ਫਤਿਹਗਡ਼੍ਹ ਸਾਹਿਬ, ਪ੍ਰੀਤਮ ਸਿੰਘ ਮਾਨਸਾ, ਆਰਿਅਨ ਮਾਨਸਾ, ਹੇਮੰਤ ਸਿੰਘ,  ਦਲਵਿੰਦਰ ਸਿੰਘ ਸੰਗਰੂਰ, ਜਗਸੀਰ ਸਿੰਘ ਬਰਨਾਲਾ  ਅਤੇ ਸੁਰਿੰਦਰ ਨਾਥ ਬਰਨਾਲਾ ਆਦਿ।
ਪੰਜਾਬ ਐਂਡ ਚੰਡੀਗਡ਼੍ਹ ਕਾਲਜ ਟੀਚਰ ਯੂਨੀਅਨ ਨੇ ਕੀਤਾ ਮੋਮਬੱਤੀ ਮਾਰਚ
ਪੰਜਾਬ ਐਂਡ ਚੰਡੀਗਡ਼੍ਹ ਕਾਲਜ ਟੀਚਰ ਯੂਨੀਅਨ ਦੀ ਸਟੇਟ ਕਮੇਟੀ ਦੇ ਸੱਦੇ ’ਤੇ ਪਟਿਆਲਾ ਅਤੇ ਫ਼ਤਿਹਗਡ਼੍ਹ ਸਾਹਿਬ ਦੀ  ਜ਼ਿਲਾ ਇਕਾਈ ਵੱਲੋਂ ਪਟਿਆਲਾ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਆਪਣੀਆਂ ਮੰਗਾਂ ਦੇ ਹੱਕਾਂ ਲਈ ਕੀਤਾ ਗਿਆ ਜਿਹਡ਼ੀਆਂ  ਪੰਜਾਬ ਸਰਕਾਰ ਵੱਲੋਂ ਬਹੁਤ ਸਮੇਂ ਤੋਂ ਲਟਕਾਈਆਂ ਹੋਈਆਂ ਹਨ।  ਇਕਾਈ ਦੇ ਪ੍ਰਧਾਨ ਪ੍ਰੋ. ਰਾਸ਼ਿਦ ਰਸ਼ੀਦ ਨੇ ਕਿਹਾ  ਕਿ ਸਰਕਾਰ ਸੱਤਵੇਂ ਪੇ-ਕਮਿਸ਼ਨ ਨੂੰ ਲਾਗੂ ਕਰੇ। ਪੂਰੀ ਗ੍ਰਾਂਟ ਛੇਤੀ ਤੋਂ ਛੇਤੀ ਕਾਲਜਾਂ ਨੂੰ ਪ੍ਰਦਾਨ ਕਰੇ। ਅਨਏਡਿਡ ਅਸਾਮੀਅਾਂ ਨੂੰ ਸਰਵਿਸ ਐਕਟ ਵਿਚ ਲੈ  ਕੇ ਆਵੇ। ਇਸ ਤੋਂ ਬਿਨਾਂ ਹੋਰ ਵੀ ਉਨ੍ਹਾਂ ਦੀਆਂ ਅਧੂਰੀਆਂ ਪਈਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕਰੇ। ਡਾ. ਹਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਜੋ ਅਧਿਆਪਕਾਂ ਨਾਲ ਵਾਅਦੇ ਕੀਤੇ ਹਨ, ਉਹ ਹੁਣ ਪੂਰੇ ਕਰਨੇ ਚਾਹੀਦੇ ਸਨ। ਇਕਾਈ ਦੇ ਸਕੱਤਰ ਡਾ. ਅਰਵਿੰਦਰ ਕੌਰ ਕਾਕਡ਼ਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਮਾਰਚ ਵਿਚ ਡਾ. ਸ਼ਮਸ਼ੇਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਮਨਜੀਤ ਕੌਰ, ਡਾ. ਰਾਜੀਵ ਕੁਮਾਰ, ਡਾ. ਵੇਦ ਪ੍ਰਕਾਸ਼ ਤੇ ਵੱੱਖ-ਵੱਖ ਕਾਲਜਾਂ ਦੇ ਬਹੁਤ ਸਾਰੇ ਅਧਿਆਪਕ ਸ਼ਾਮਲ ਹੋਏ।