ਵੈਸ਼ਨੋ ਦੇਵੀ ਮੰਦਰ ਨੂੰ ਉਡਾਉਣ ਦੀ ਧਮਕੀ, ਪੰਜਾਬ-ਜੰਮੂ ਦੇ ਰਾਜਪਾਲ ਦੀ ਜਾਨ ਖਤਰੇ ‘ਚ

ਅੰਬਾਲਾ/ਚੰਡੀਗੜ੍ਹ : ਜੰਮੂ ਰੇਲਵੇ ਸਟੇਸ਼ਨ ਦੇ ਸੁਪਰੀਡੈਂਟ ਨੂੰ ਇਕ ਚਿੱਠੀ ਮਿਲੀ ਹੈ, ਜਿਸ ‘ਚ ਵੈਸ਼ਨੋ ਦੇਵੀ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਅਤੇ ਜੰਮੂ ਦੇ ਰਾਜਪਾਲ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਾਕਿਸਤਾਨ ਨਾਲ ਲੱਗਣ ਕਾਰਨ ਜੰਮੂ ਅਤਿ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿਸ ਕਾਰਨ ਦੇਸ਼ ਦੀਆਂ ਖੁਫੀਆ ਏਜੰਸੀਆਂ ਪਹਿਲਾਂ ਤੋਂ ਜ਼ਿਆਦਾ ਅਲਰਟ ਹੋ ਗਈਆਂ ਹਨ।

ਜੰਮੂ ਰੇਲਵੇ ਸਟੇਸ਼ਨ ਦੇ ਸੁਪਰੀਡੈਂਟ ਅਜੇ ਗੁਪਤਾ ਦੇ ਨਾਂ ਮਿਲੀ ਚਿੱਠੀ ‘ਚ ਲਿਖਿਆ ਗਿਆ ਹੈ ਕਿ 20 ਅਕਤੂਬਰ ਨੂੰ ਜੰਮੂ ਤਵੀ, ਰੇਲਵੇ ਸਟੇਸ਼ਨ, ਉਧਮਪੂਰ-ਕਟਰਾ-ਪਠਾਨਕੋਟ, ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਮੁੱਖ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਅਤੇ 10 ਨਵੰਬਰ ਨੂੰ ਰਘੁਨਾਥ ਮੰਦਰ, ਵੈਸ਼ਨੋ ਦੇਵੀ ਮੰਦਰ, ਅਮਰਨਾਥ ਮੰਦਰ, ਭੈਰੋਂ ਨਾਥ ਮੰਦਰ ਅਤੇ ਦਰਬਾਰ ਸਾਹਿਬ ਨੂੰ ਵੀ ਬੰਬ ਨਾਲ ਉਡਾ ਦਿੱਤਾ ਜਾਵੇਗਾ। ਚਿੱਠੀ ‘ਚ ਲਿਖਿਆ ਗਿਆ ਹੈ ਕਿ ਇਸ ਵਾਰ ਦੀ ਦੀਵਾਲੀ ਹਿੰਦੋਸਤਾਨੀਆਂ ਦੇ ਖੂਨ ਨਾਲ ਮਨਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਦੁਪਹਿਰ ਨੂੰ ਅੰਬਾਲਾ ਛਾਉਣੀ ਸਟੇਸ਼ਨ ਦੇ ਡਾਇਰੈਕਟਰ ਬੀ. ਐੱਸ. ਗਿੱਲ ਨੂੰ ਵੀ ਇਕ ਚਿੱਠੀ ਮਿਲੀ, ਜਿਸ ‘ਚ ਹਰਿਆਣਾ ਅਤੇ ਉੱਤਰ ਪ੍ਰਦਸ਼ ਦੇ ਰੇਲਵੇ ਸਟੇਸ਼ਨਾਂ ਨੂੰ 20 ਅਕਤੂਬਰ ਅਤੇ 1 ਨਵੰਬਰ ਨੂੰ ਹੋਰ ਵੱਖ-ਵੱਖ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਕਾਰਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਹਾਈ ਅਲਰਟ ਕਰ ਦਿੱਤਾ ਗਿਆ ਹੈ।