ਰੀਅਲ ਮੈਡ੍ਰਿਡ ਦੀ ਵੱਡੀ ਜਿੱਤ, ਰੋਨਾਲਡੋ ਦੇ ਗੋਲ ਦੇ ਬਾਵਜੂਦ ਹਾਰਿਆ ਯੁਵੈਂਟਸ

ਲੰਡਨ- ਕਰੀਮ ਬੇਂਜਾਮਾ ਦੇ ਪਹਿਲੇ ਹਾਫ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਵਿਕਟੋਰੀਆ ਪਲਜੇਨ ‘ਤੇ 5-0 ਨਾਲ ਵੱਡੀ ਜਿੱਤ ਦਰਜ ਕੀਤੀ ਪਰ ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਦੇ ਬਾਵਜੂਦ ਯੁਵੈਂਟਸ ਨੂੰ ਮਾਨਚੈਸਟਰ ਯੂਨਾਈਟਿਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਚੈੱਕ ਗਣਰਾਜ ਦੇ ਪਲਜੇਨ ਵਿਚ ਖੇਡੇ ਗਏ ਗਰੁੱਪ-ਜੀ ਮੈਚ ਵਿਚ ਰੀਅਲ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਸਥਾਨਕ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਨਾਲ ਸੈਂਟਿਆਗੋ ਸੋਲਾਰੀ ਦੀ ਟੀਮ ਆਖਰੀ-16 ਵਿਚ ਜਗ੍ਹਾ ਬਣਾਉਣ ਦੇ ਨੇੜੇ ਵੀ ਪਹੁੰਚ ਗਈ।
ਰੀਅਲ ਵਲੋਂ ਕਰੀਬ ਬੇਂਮਾਮਾ ਨੇ 20ਵੇਂ ਤੇ 37ਵੇਂ ਮਿੰਟ ਵਿਚ ਗੋਲ ਕੀਤੇ। ਉਸ ਦੇ ਇਲਾਵਾ ਕਾਸੇਮੀਰੋ (23ਵੇਂ), ਗੈਰੇਥ ਬੈੱਲ (40ਵੇਂ) ਤੇ ਟੋਨੀ ਕਰੂਸ (67ਵੇਂ) ਨੇ ਗੋਲ ਕਰ ਕੇ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ ਪੱਕੀ ਕੀਤੀ।
ਓਧਰ ਇਟਲੀ ਦੇ ਤੂਰੀਨ ਵਿਚ ਗਰੁੱਪ ਐੱਚ ਦੇ ਮੈਚ ਵਿਚ ਰੋਨਲਾਡੋ ਨੇ ਯੁਵੈਂਟਸ ਵਲੋਂ ਚੈਂਪੀਅਨਸ ਲੀਗ ਵਿਚ ਆਪਣਾ ਪਹਿਲਾ ਗੋਲ ਕੀਤਾ ਪਰ ਮਾਨਚੈਸਟਰ ਯੂਨਾਈਟਿਡ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਦਰਜ ਕਰ ਲਈ।  ਰੋਨਾਲਡੋ ਨੇ 65ਵੇਂ ਮਿੰਟ ਵਿਚ ਖੂਬਸੂਰਤ ਗੋਲ ਕੀਤਾ ਸੀ ਪਰ ਜੁਆਨ ਮਾਟਾ ਨੇ 86ਵੇਂ ਮਿੰਟ ਵਿਚ ਫ੍ਰੀ ਕਿੱਕ ‘ਤੇ ਬਰਾਬਰੀ ਦਾ ਗੋਲ ਕੀਤਾ, ਜਦਕਿ ਲਿਆਨਰਡੋ ਬੋਨਸੀ ਦਾ 89ਵੇਂ ਮਿੰਟ ਵਿਚ ਕੀਤਾ ਗਿਆ ਆਤਮਘਾਤੀ ਗੋਲ ਯੂਨਾਈਟਿਡ ਦੀ ਜਿੱਤ ਪੱਕੀ ਕਰ ਗਿਆ।