ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਬੰਧੀ ਪ੍ਰਦੂਸ਼ਣ ਵੱਡੇ ਪੱਧਰ ’ਤੇ ਘਟਿਆ

ਮੋਹਾਲੀ,  ਪੰਜਾਬ ਸਰਕਾਰ ਦੇ ਯਤਨਾਂ ਸਦਕਾ ਵੱਡੀ ਗਿਣਤੀ ’ਚ ਕਿਸਾਨ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਹੋਏ ਹਨ ਤੇ ਪਰਾਲੀ ਨਾ ਫੂਕਣ ਸਬੰਧੀ ਚੱਲ ਰਹੀ ਮੁਹਿੰਮ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਾਲੀ ਫੂਕਣ ਨਾਲ ਹੋਣ ਵਾਲਾ ਪ੍ਰਦੂਸ਼ਣ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਹੁਤ ਘਟਿਆ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਪੰਜਾਬ ’ਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 300 ਦੇ ਨੇੜੇ ਸੀ ਤੇ ਇਸ ਵਾਰ 125 ਦੇ ਨੇੜੇ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਕਾਹਨ ਸਿੰਘ ਪੰਨੂੰ ਨੇ ਪਿੰਡ ਬਠਲਾਣਾ ਵਿਖੇ ਯੁਵਕ ਸੇਵਾਵਾਂ ਵਿਭਾਗ ਤੇ ਖੇਤੀਬਾਡ਼ੀ ਵਿਭਾਗ ਨੇ ਪਰਾਲੀ ਨਾ ਫੂਕਣ ਸਬੰਧੀ ਜਾਗਰੂਕ ਕਰਨ ਲਈ ਕਰਵਾਈ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੇ ਬਠਲਾਣਾ, ਸਨੇਟਾ, ਦੁਰਾਲੀ, ਰਾਏਪੁਰ ਖੁਰਦ, ਰਾਏਪੁਰ ਕਲਾਂ, ਸੁਖਗਡ਼੍ਹ ਸਮੇਤ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਡਾਇਰੈਕਟਰ ਨੇ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿਚ ਰਲਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਪਰਾਲੀ ਨਾ ਫੂਕਣ ਸਬੰਧੀ ਨੌਜਵਾਨ ਕਿਸਾਨ ਵੱਡੇ ਪੱਧਰ ’ਤੇ ਅੱਗੇ ਆਏ ਹਨ ਤੇ ਜਿਹਡ਼ਾ ਕਿਸਾਨ ਇਕ ਵਾਰ ਪਰਾਲੀ ਨੂੰ ਜ਼ਮੀਨ ਵਿਚ ਰਲਾ ਦਿੰਦਾ ਹੈ, ਉਸ ਨੂੰ ਖ਼ੁਦ ਹੀ ਇਸ ਦੇ ਫਾਇਦੇ ਦਾ ਪਤਾ ਲਗ ਜਾਂਦਾ ਹੈ ਤੇ ਅੱਗੇ ਤੋਂ ਉਸ ਨੂੰ ਇਸ ਸਬੰਧੀ ਸਮਝਾਉਣ ਦੀ ਲੋਡ਼ ਹੀ ਨਹੀਂ ਪੈਂਦੀ। ਜਾਗਰੂਕਤਾ ਸਬੰਧੀ ਮੋਟਰਸਾਈਕਲ ਰੈਲੀ ਦੇ ਰੂਪ ਵਿਚ ਕੀਤੇ ਉਪਰਾਲੇ ਲਈ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਪੰਨੂੰ ਨੇ ਕਿਹਾ ਕਿ ਮਨੁੱਖੀ ਹੋਂਦ ਨੂੰ ਬਚਾਉਣ ਲਈ ਕੁਦਰਤ ਨੂੰ ਬਚਾਉਣਾ ਲਾਜ਼ਮੀ ਹੈ ਤੇ ਇਸ ਉਪਰਾਲੇ ਤਹਿਤ ਕਿਸਾਨਾਂ ਨੂੰ ਜਾਗਰੂਕ ਕਰ ਕੇ ਨੌਜਵਾਨਾਂ ਵਲੋਂ ਵਾਤਾਵਰਣ ਦੀ ਸੰਭਾਲ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਮਿਸ਼ਨ ਤੰਦਰੁਸਤ ਪੰਜਾਬ ਬਾਰੇ ਗੱਲਬਾਤ ਕਰਦਿਆਂ ਪੰਨੂੰ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਇਹ ਮਿਸ਼ਨ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਤੇ ਇਸ ਦੀ ਸਫ਼ਲਤਾ ਵਿਚ ਮੀਡੀਆ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਆਖਿਆ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਦਿਨ-ਰਾਤ ਇਕ ਕਰ ਕੇ ਕੰਮ ਕਰੀਆਂ ਹਨ ਤੇ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਲੋਕਾਂ ਨੂੰ ਮਿਆਰੀ ਖੁਰਾਕ ਵਸਤਾਂ ਹੀ ਮਿਲਣ ਤੇ ਉਨ੍ਹਾਂ ਦੀ ਸਿਹਤ ਨੂੰ ਕਿਸੇ ਕਿਸਮ ਦੀ ਢਾਅ ਨਾ ਲੱਗੇ। ਉਨ੍ਹਾਂ ਦੱਸਿਆ ਕਿ ਖੁਰਾਕੀ ਵਸਤਾਂ ਦੇ ਸੈਂਪਲ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਤੇ ਸਟਾਫ਼ ਨੂੰ ਅਪਗ੍ਰੇਡ ਕੀਤਾ ਗਿਆ ਹੈ, ਤਾਂ ਜੋ ਰਿਪੋਰਟ ਆਉਣ ਵਿਚ ਬਹੁਤਾ ਸਮਾਂ ਨਾ ਲੱਗੇ।
ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਸੈਂਪਲਾਂ ਦੀ ਰਿਪੋਰਟ ਚੌਥੇ ਦਿਨ ਆ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਝੋਨਾ ਲਾਉਣ ਲਈ ਜਿਹਡ਼ੀ ਤਰੀਕ ਤੈਅ ਕੀਤੀ ਗਈ ਸੀ, ਉਸ ਸਦਕਾ ਹੀ ਪਿਛਲੇ ਮਹੀਨੇ ਪਏ ਭਾਰੀ ਮੀਂਹ ਤੋਂ ਝੋਨੇ ਦਾ ਬਚਾਅ ਹੋਇਆ ਹੈ ਤੇ ਜੇਕਰ ਮਿੱਥੀ ਤਰੀਕ ਤੋਂ ਪਹਿਲਾਂ ਝੋਨਾ ਲਾਇਆ ਗਿਆ ਹੁੰਦਾ ਤਾਂ ਮੀਂਹ ਕਾਰਨ ਝੋਨੇ ਦਾ ਵੱਡਾ ਨੁਕਸਾਨ ਹੋ ਜਾਣਾ ਸੀ। ਉਨ੍ਹਾਂ  ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਫੂਕਣ ਸਬੰਧੀ ਸਰਗਰਮੀ ਨਾਲ ਕੰਮ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰੁਪਿੰਦਰ ਕੌਰ, ਸਟੇਟ ਐੱਨ. ਐੱਸ. ਐੱਸ. ਅਫ਼ਸਰ ਚਰਨਜੀਤ ਸਿੰਘ, ਏ. ਡੀ. ਓ. ਸੁਰਿੰਦਰਪਾਲ ਸਿੰਘ, ਏ. ਈ. ਓ. ਸੁੱਚਾ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਮੋਹਨ ਸਿੰਘ ਬਠਲਾਣਾ ਸਮੇਤ ਯੁਵਕ ਸੇਵਾਵਾਂ ਕਲੱਬਾਂ ਦੇ ਮੈਂਬਰ ਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।