ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੀ, ਪਿਤਾ ਗ੍ਰਿਫਤਾਰ; ਪੁੱਤਰ ਫਰਾਰ

ਪਟਿਆਲਾ —ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਅੱਜ ਖੁਦ ਟੀਮ ਦੀ ਅਗਵਾਈ ਕਰਦੇ ਹੋਏ ਸੀ. ਆਈ. ਏ. ਸਟਾਫ ਸਮਾਣਾ ਦੀ ਟੀਮ ਦੇ ਨਾਲ ਘੱਗਾ ਨੇੜਲੇ ਪਿੰਡ ਦੇਧਨਾ ਵਿਖੇ ਨਕਲੀ ਸ਼ਰਾਬ ਤਿਆਰ ਕਰਨ ਵਾਲੀ  ਇਕ  ਫੈਕਟਰੀ ਫੜ ਕੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਥੋਂ ਵੱਡੀ ਮਾਤਰਾ ਵਿਚ ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਬੋਤਲਾਂ, ਢੱਕਣ, ਖਾਲੀ ਡਰੰਮ, ਕੱਚ ਦੇ ਪੈਮਾਨੇ ਸੁਰਾਹੀ ਵਰਗੇ, ਖਾਲੀ ਬੋਤਲਾਂ, ਅਸਲੀ ਮੋਟਾ ਸੰਤਰਾ ਗੋਲ ਦਾ ਜਾਅਲੀ ਮਾਰਕਾ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਸ ਵੱਲੋਂ ਇਸ ਮਾਮਲੇ ਵਿਚ ਪਿਤਾ ਰਘਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਉਸ ਦਾ ਪੁੱਤਰ ਅਮਰੀਕ ਸਿੰਘ ਫਰਾਰ ਹੋ ਗਿਆ। ਐੈੱਸ. ਐੈੱਸ. ਪੀ. ਦੇ ਨਾਲ ਐੈੱਸ. ਪੀ. ਡੀ. ਮਨਜੀਤ ਸਿੰਘ ਬਰਾੜ ਤੇ ਆਬਕਾਰੀ ਵਿਭਾਗ ਦੇ ਏ. ਆਈ. ਜੀ. ਗੁਰਚੈਨ ਸਿੰਘ ਧਨੋਆ ਵੀ ਸਨ।ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਸਮਾਣਾ ਨੇ ਇਕ ਸੂਚਨਾ ਦੇ ਆਧਾਰ ‘ਤੇ ਅਮਰੀਕ ਸਿੰਘ ਦੇ ਖੇਤਾਂ ‘ਚ ਛਾਪਾ ਮਾਰਿਆ। ਇਥੋਂ 91 ਪੇਟੀਆਂ 1092 ਬੋਤਲਾਂ ਮਾਰਕਾ ਸ਼ਰਾਬ ਠੇਕਾ ਦੇਸੀ ਅਸਲੀ ਮੋਟਾ ਸੰਤਰਾ ਗੋਲਡ ਪੰਜਾਬ, 9800 ਖਾਲੀ ਬੋਤਲਾਂ ਬਿਨਾਂ ਮਾਰਕਾ ਦੇ ਭਰੇ 98 ਬੈਗ, ਜਾਅਲੀ ਮਾਰਕਾ ਚੱਢਾ ਸ਼ੂਗਰ ਇੰਡਸਟਰੀ ਪ੍ਰਾਈਵੇਟ ਲਿਮਟਿਡ ਯੂਨਿਟ ਦੇ ਕੀੜੀ ਅਫ਼ਗਾਨਾ ਜ਼ਿਲਾ ਗੁਰਦਾਸਪੁਰ ਦੇ 91 ਹਜ਼ਾਰ ਸੀਲਡ ਢੱਕਣਾਂ ਦੇ 9 ਡੱਬੇ ਤੇ ਪਲਾਸਟਿਕ ਦੇ 2 ਕੈਮੀਕਲ ਵਾਲੇ ਖਾਲੀ ਡਰੰਮ ਬਰਾਮਦ ਹੋਏ। ਪੁਲਸ ਨੇ ਇਸ ਸਬੰਧੀ ਥਾਣਾ ਘੱਗਾ ਵਿਖੇ ਅਮਰੀਕ ਸਿੰਘ ਅਤੇ ਉਸ ਦੇ ਪਿਤਾ ਰਘਬੀਰ ਸਿੰਘ ਖਿਲਾਫ ਵਾਸੀ ਡੇਰਾ ਪਿੰਡ ਦੇਧਨਾ ਥਾਣਾ ਘੱਗਾ ਖਿਲਾਫ  420, 272, 465 ਆਈ. ਪੀ. ਸੀ.  ਅਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਛਾਪਾਮਾਰੀ ਦੌਰਾਨ ਰਘਬੀਰ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦਾ ਲੜਕਾ ਅਮਰੀਕ ਸਿੰਘ  ਫਰਾਰ ਹੋ ਗਿਆ ਹੈ। ਉਸ   ਨੂੰ  ਵੀ ਜਲਦ ਕਾਬੂ ਕਰ ਲਿਆ ਜਾਵੇਗਾ।