ਦੋ ਸਾਲ ਬੀਤਣ ਤੋਂ ਬਾਅਦ ਵੀ ਪੀਡ਼ਤ ਪਰਿਵਾਰ ਮੁਆਵਜ਼ੇ ਦਾ ਕਰ ਰਿਹੈ ਇੰਤਜ਼ਾਰ

ਕਪੂਰਥਲਾ — ਕਰੀਬ ਦੋ ਸਾਲ ਪਹਿਲਾਂ ਪਿੰਡ ਜੈਨਪੁਰ ਦੇ ਰਹਿਣ ਵਾਲੇ ਇਕ ਮਜ਼ਦੂਰ ਦੀ ਖੇਤਾਂ ’ਚ ਕੰਮ ਕਰਦੇ ਹੋਏ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਪਰ ਦੋ ਸਾਲ ਬੀਤਣ ਤੋਂ ਬਾਅਦ ਵੀ ਹੁਣ ਤਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਿਆ। ਮ੍ਰਿਤਕ ਮਜ਼ਦੂਰ ਦੀ ਪਤਨੀ ਨੇ ਡੀ. ਸੀ. ਮੁਹੰਮਦ ਤਇਅਬ ਕੋਲੋਂ ਮੁਆਵਜ਼ਾ ਦਿਵਾਉਣ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ। ਜ਼ਿਕਰਯੋਗ ਹੈ ਕਿ ਪਿੰਡ ਜੈਨਪੁਰ ਵਾਸੀ ਸੋਢੀ ਘਾਰੂ ਪੁੱਤਰ ਮਹਿੰਦਰ ਸਿੰਘ ਇਕ ਸ਼ੈਲਰ ’ਚ ਕੰਮ ਕਰਦਾ ਸੀ। ਉਸ ਸ਼ੈਲਰ ਮਾਲਕ ਦੀ ਪਿੰਡ ਸ਼ੇਰਪੁਰ ਸੱਧਾ ਵਿਖੇ ਜ਼ਮੀਨ ਹੈ ਤੇ 28 ਅਗਸਤ 2016 ਨੂੰ ਉਸ ਦੇ ਖੇਤਾਂ ’ਚ ਕੰਮ ਕਰਦੇ ਹੋਏ ਸੋਢੀ ਬਿਜਲੀ ਦਾ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਸੀ । ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਤੇ ਲੱਤਾ ਬੇਕਾਰ ਹੋ ਗਈਆਂ। ਪਰਿਵਾਰ ਵੱਲੋਂ ਉਸ ਦਾ ਕਰੀਬ ਪੰਜ ਮਹੀਨੇ ਤਕ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲਦਾ ਰਿਹਾ ਪਰ ਉਸ ਦੀ ਜਾਨ ਨਾ ਬਚ ਸਕੀ। ਇਸ ਦੌਰਾਨ ਬੇਬੀ ਵੱਲੋਂ ਕਰਜ਼ਾ ਚੁੱਕ ਕੇ ਪਤੀ ਦੇ ਇਲਾਜ ’ਤੇ ਲੱਖਾਂ ਰੁਪਏ ਖਰਚ ਕਰਨੇ ਪਏ ਪਰ ਉਸਨੂੰ ਅਜੇ ਤਕ ਮੁਆਵਜ਼ਾ ਨਹੀਂ ਮਿਲ ਸਕਿਆ। ਬੇਬੀ ਨੇ ਦੱਸਿਆ ਕਿ ਉਸਦਾ ਵੱਡਾ ਲਡ਼ਕਾ ਗੌਰਵ ਘਾਰੂ 9ਵੀਂ ਜਮਾਤ ’ਚ ਪਡ਼੍ਹਦਾ ਹੈ ਜਦਕਿ ਉਸ ਤੋਂ ਛੋਟੀ ਲਡ਼ਕੀ ਅਰਚਨਾ 8ਵੀਂ ਤੇ ਉਸ ਦਾ ਛੋਟਾ ਲਡ਼ਕਾ ਸੌਰਵ ਘਾਰੂ 7ਵੀਂ ਜਮਾਤ ’ਚ ਪਡ਼੍ਹਦਾ ਹੈ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਉਸ ਨੂੰ ਲੋਕਾਂ ਦੇ ਘਰਾਂ ’ਚ ਕੰਮ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਸੋਢੀ ਦੇ ਭਤੀਜੇ ਸਾਹਬੀ ਘਾਰੂ ਨੇ ਕਿਹਾ ਕਿ ਉਸ ਦੀ ਚਾਚੀ ਤੇ ਬੱਚਿਆਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਸਕੀ ਜਦਕਿ ਇਸ ਸਬੰਧੀ ਸਰਕਾਰ ਨੇ ਬਕਾਇਦਾ ਐਲਾਨ ਕੀਤਾ ਹੋਇਆ ਹੈ। ਉਸਨੇ ਡੀ. ਸੀ. ਮੁਹੰਮਦ ਤਇਅਬ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗੁਹਾਰ ਲਗਾਈ ਕਿ ਮੁਆਵਜ਼ਾ ਦਿਵਾਇਆ ਜਾਵੇ।