ਤਿਉਹਾਰਾਂ ਦੇ ਸਬੰਧ ’ਚ ਭੋਗਪੁਰ ਪੁਲਸ ਨੇ ਚਲਾਈ ਸਰਚ ਮੁਹਿੰਮ

ਜਲੰਧਰ (ਗੁਰਦੀਪ ਸਿੰਘ)— ਤਿਉਹਾਰਾਂ ਦੇ ਦਿਨਾਂ ਨੂੰ ਦੇਖਦਿਆਂ ਥਾਣਾ ਭੋਗਪੁਰ ਦੀ ਪੁਲਸ ਵੱਲੋਂ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਗਈ ਹੈ ਅਤੇ ਜਲੰਧਰ-ਜੰਮੂ ਰਾਸ਼ਟਰੀ ਸ਼ਾਹ ਮਾਰਗ ਤੋਂ ਲੰਘਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਜੋਸ਼ੀ ਨੇ ਰੇਲਵੇ ਸਟੇਸ਼ਨ ਭੋਗਪੁਰ ਅਤੇ ਰੇਲਵੇ ਰੋਡ ਭੋਗਪੁਰ ਵਿਚ ਚਲਾਈ ਗਈ ਸਰਚ ਮੁਹਿੰਮ ਦੌਰਾਨ ਕੀਤਾ। ਭੋਗਪੁਰ ਪੁਲਸ ਵੱਲੋਂ ਭਾਰੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨੇ ਮੰਗਲਵਾਰ ਸਵੇਰ ਸਮੇਂ ਅਚਾਨਕ ਰੇਲਵੇ ਸਟੇਸ਼ਨ ਭੋਗਪੁਰ ਪੁੱਜ ਕੇ ਰੇਲ ਗੱਡੀ ਦੀ ਉਡੀਕ ਵਿਚ ਬੈਠੇ ਮੁਸਾਫਰਾਂ ਅਤੇ ਜਲੰਧਰ-ਪਠਾਨਕੋਟ ਵਿਚਕਾਰ ਚੱਲਣ ਵਾਲੀ ਡੀ. ਐੱਮ. ਯੂ. ਗੱਡੀ ’ਚੋਂ ਉਤਰੇ ਮੁਸਾਫਰਾਂ ਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ। ਜੋਸ਼ੀ ਨੇ ਦੱਸਿਆ ਕਿ ਭੋਗਪੁਰ ਪੁਲਸ ਵੱਲੋਂ ਤਿਉਹਾਰਾਂ ਦੇ ਦਿਨਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਸ ਫੋਰਸ ਨੂੰ ਪੂਰੀ ਤਰ੍ਹਾਂ ਮੁਸਤੈਦ ਰੱਖਿਆ ਜਾ ਰਿਹਾ ਹੈ। ਪੁਲਸ ਵੱਲੋਂ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਇਸ ਦੇ ਨਾਲ-ਨਾਲ ਭੋਗਪੁਰ ਪੁਲਸ ਵੱਲੋਂ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ’ਤੇ ਭੋਗਪੁਰ ਸਥਿਤ ਆਦਮਪੁਰ ਟੀ ਪੁਆਇੰਟ ਚੌਕ ਅਤੇ ਪੁਲਸ ਚੌਕੀ ਪਚਰੰਗਾ ਨੇਡ਼ਲੇ ਚੌਕ ਵਿਚ ਵੀ ਨਾਕਾਬੰਦੀ ਕੀਤੀ ਗਈ ਹੈ। ਭੋਗਪੁਰ ਪੁਲਸ ਵਲੋਂ ਜਲੰਧਰ ਜ਼ਿਲੇ ਦੇ ਜੰਮੂ ਮਾਰਗ ’ਤੇ ਪੈਂਦੇ ਇਸ ਪ੍ਰਮੁੱਖ ਨਾਕੇ ਤੋਂ ਲੰਘਣ ਵਾਲੀਆਂ ਗੱਡੀਆਂ ’ਤੇ ਬਾਜ਼ ਨਜ਼ਰ ਅਤੇ ਸੀ. ਸੀ. ਟੀ. ਵੀ. ਰਿਕਾਰਡ ਵੀ ਰੱਖਿਆ ਜਾ ਰਿਹਾ ਹੈ। ਪੁਲਸ ਨਾਕੇ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਇਲਾਕੇ ਵਿਚ ਪੁਲਸ ਦੀ ਗਸ਼ਤ ਨੂੰ ਵੀ ਵਧਾ ਦਿੱਤਾ ਗਿਆ ਹੈ।