ਚੋਰੀ ਦੀ ਨੀਅਤ ਨਾਲ ਘਰ ਵਿਚ ਦਾਖਲ ਵਿਅਕਤੀ ਨੂੰ ਮਾਰੀ ਗੋਲੀ ; ਮੌਤ, ਦੋ ਫਰਾਰ

ਪਟਿਆਲਾ – ਸ਼ਹਿਰ ਦੇ ਸਰਹੰਦ ਰੋਡ ’ਤੇ ਸਥਿਤ ਘੁੰਮਣ ਨਗਰ ਇਲਾਕੇ ਵਿਚ ਅੱਜ ਤਡ਼ਕਸਾਰ ਇਕ ਘਰ ਵਿਚ ਤਿੰਨ ਵਿਅਕਤੀ ਚੋਰੀ ਦੀ ਨੀਅਤ ਨਾਲ  ਦਾਖਲ ਹੋ ਗਏ। ਪਰਿਵਾਰ ਵਾਲਿਆਂ ਨੂੰ ਇਸ ਦੀ ਭਿਣਕ ਪੈ ਗਈ ਅਤੇ ਘਰ ਦੇ ਮਾਲਕ ਲਾਭ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਤਾਣ ਕੇ ਘਰ ਵਿਚ ਦਾਖਲ ਹੋਏ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਤਾਂ ਘਰ ਵਿਚ ਦਾਖਲ ਹੋਏ ਵਿਅਕਤੀਆਂ ਨੇ ਲਾਭ ਸਿੰਘ  ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਲਾਭ ਨੇ ਫਾਇਰ ਕਰ ਦਿੱਤਾ, ਜੋ ਕਿ ਇਕ ਵਿਅਕਤੀ ਨੂੰ ਲੱਗਿਆ। ਗੋਲੀ ਉਦੋਂ ਲੱਗੀ ਜਦੋਂ ਉਹ ਦੀਵਾਰ ਟੱਪ ਰਿਹਾ ਸੀ ਅਤੇ ਲਾਸ਼ ਗੁਆਂਢੀਆਂ ਦੇ ਘਰ ਵਿਚ ਜਾ ਡਿੱਗੀ। ਗੋਲੀ ਚਲਦੇ ਹੀ ਦੂਜੇ ਦੋਨੋਂ ਵਿਅਕਤੀ ਫਰਾਰ ਹੋ ਗਏ। ਲਾਭ ਸਿੰਘ ਨੇ ਕੰਟਰੋਲ ਰੂਮ ’ਤੇ ਇਸ ਦੀ ਸੂਚਨਾ ਦਿੱਤੀ ਅਤੇ ਸੂਚਨਾ ਮਿਲਣ ਤੋਂ ਬਾਅਦ ਥਾਣਾ  ਦਾਣਾ ਮੰਡੀ ਦੇ ਐੱਸ.ਐੱਚ.ਓ. ਹੈਰੀ ਬੋਪਾਰਾਏ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ਨਾਖਤ ਲਈ ਰਖਵਾ ਦਿੱਤਾ ਅਤੇ ਲਾਭ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਕੇਸ ਦਰਜ ਕਰ ਲਿਆ। ਦੂਜੇ ਪਾਸੇ ਮ੍ਰਿਤਕ ਵਿਅਕਤੀ ਦੀ ਪਛਾਣ  ਲਈ ਥਾਣਾ  ਦਾਣਾ ਮੰਡੀ  ਅਤੇ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਜੁਟੀ ਹੋਈ  ਹੈ ਅਤੇ ਦੇਰ ਰਾਤ ਤੱਕ ਇਸ ਮਾਮਲੇ ਦੀ ਤਫਤੀਸ਼ ਚੱਲ ਰਹੀ ਸੀ। ਮ੍ਰਿਤਕ ਵਿਅਕਤੀ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਲੱਗਦੀ ਹੈ ਅਤੇ ਉਹ ਪੰਜਾਬ ਤੋਂ ਬਾਹਰ ਦਾ ਹੀ ਜਾਪ ਰਿਹਾ ਹੈ।
®ਇਧਰ ਪੁਲਸ ਨੂੰ ਲਾਭ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬਾਹਰ ਰਹਿੰਦਾ ਹੈ ਅਤੇ ਉਹ ਆਪਣੀ ਪਤਨੀ ਅਤੇ ਆਪਣੀ ਨੂੰਹ ਨਾਲ ਘਰ ਵਿਚ ਰਹਿ ਰਿਹਾ ਸੀ।
ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਸੌਣ ਲਈ ਚਲੇ ਗਏ ਅਤੇ ਉਸ ਦੀ ਪਤਨੀ ਅਤੇ ਨੂੰਹ ਦੂਜੇ ਕਮਰੇ ਵਿਚ ਸੌਂ ਗਏ।
ਤਡ਼ਕਸਾਰ ਜਦੋਂ ਖਿਡ਼ਦੀ ਟੁੱਟਣ ਦੀ ਅਾਵਾਜ਼ ਆਈ ਤਾਂ ਉਸ ਦੀ ਪਤਨੀ ਨੇ ਉਸ ਨੂੰ ਉਠਾਇਆ ਤਾਂ ਬਾਹਰ ਆ ਕੇ ਦੇਖਿਆ ਕਿ ਤਿੰਨ ਵਿਅਕਤੀ ਘਰ ਵਿਚ ਚੋਰੀ ਦੀ ਨੀਅਤ ਨਾਲ  ਦਾਖਲ ਹੋਏ ਹਨ, ਜਦੋਂ ਉਸ ਨੇ ਚੋਰਾਂ ਨੂੰ ਲਲਕਾਰਿਆ ਤਾਂ ਚੋਰਾਂ ਨੇ ਉਸ ਨੂੰ ਗੋਲੀ ਮਾਰਨ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੀ ਰਾੲੀਫਲ ਨਾਲ ਫਾਇਰ ਕੀਤਾ, ਜਿਸ ਵਿਚ ਇਕ ਦੀ ਮੌਤ ਹੋ ਗਈ ਜਦੋਂ ਕਿ ਦੋ ਫਰਾਰ ਹੋ ਗਏ। ਪੁਲਸ ਨੇ ਜਦੋਂ ਮ੍ਰਿਤਕ ਦੀ ਜੇਬ ਦੀ ਤਲਾਸ਼ੀ ਲਈ ਤਾਂ ਜੇਬ ਵਿਚੋਂ ਬੀਡ਼ੀਆਂ ਦਾ ੲਿਕ ਬੰਡਲ ਅਤੇ 20 ਰੁਪਏ ਨਿਕਲੇ ਹਨ।