ਅਪਾਹਜ ਔਰਤ ਦੇ ਘਰ ਜਾ ਕੇ ਕੁੱਟਮਾਰ ਤੇ ਚੋਰੀ ਕਰਨ ਵਾਲਾ ਸ਼ਿਵ ਸੈਨਾ ਦਾ ਨੇਤਾ ਗ੍ਰਿਫਤਾਰ

ਜਲੰਧਰ ,ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਅਪਾਹਜ ਮਹਿਲਾ ਦੇ ਘਰ ਜਾ ਕੇ ਕੁੱਟਮਾਰ ਕਰਨ ਅਤੇ ਜ਼ਬਰਦਸਤੀ ਘਰ ਦਾ ਸਾਮਾਨ ਚੋਰੀ ਕਰਨ ਦੇ ਕੇਸ ‘ਚ ਨਾਮਜ਼ਦ ਦੋਸ਼ੀ ਜੋ ਕਿ ਸ਼ਿਵ ਸੈਨਾ ਦਾ ਸਮਰਥਕ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਕੇਸ ਦੇ ਨਾਮਜ਼ਦ ਦੋਸ਼ੀ ਨਰਿੰਦਰ ਸਿੰਘ ਮਿੱਠੂ ਪੁੱਤਰ ਜਸਪਾਲ ਸਿੰਘ ਵਾਸੀ ਡੀ. ਸੀ. ਨਗਰ ਮਿੱਠਾਪੁਰ ਰੋਡ ਨੂੰ ਪੁਲਸ ਨੇ ਸੂਚਨਾ ਦੇ ਆਧਾਰ ‘ਤੇ ਉਸ ਦੇ ਘਰ ਬਾਹਰੋਂ ਹੀ ਗ੍ਰਿਫਤਾਰ ਕਰ ਲਿਆ ਹੈ।

ਇਹ ਹੈ ਮਾਮਲਾ
ਰਾਜ ਕੁਮਾਰੀ ਪਤਨੀ ਸੂਰਜ ਕੁਮਾਰ ਵਾਸੀ ਟਾਵਰ ਐਨਕਲੇਵ ਫੇਜ਼-1 ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ 27 ਸਤੰਬਰ ਦੀ ਰਾਤ ਕਰੀਬ 8 ਵਜੇ ਉਸ ਦੇ ਘਰ ਜਸਬੀਰ ਕੌਰ ਅਤੇ ਅਣਪਛਾਤੇ ਲੋਕ ਆ ਗਏ ਅਤੇ ਬੋਲੇ ਕਿ ਜੇਕਰ ਉਸ ਨੇ ਸ਼ਿਵ ਸੈਨਾ ਬਾਲ ਠਾਕਰੇ ਭਵਾਨੀ ਸੈਨਾ ਦੀ ਪੰਜਾਬ ਪ੍ਰਧਾਨ ਊਸ਼ਾ ਮਾਹੀ ਦੇ ਪੈਸੇ ਨਹੀਂ ਦਿੱਤੇ ਤਾਂ ਜ਼ਬਰਦਸਤੀ ਸਾਮਾਨ ਚੁੱਕ ਕੇ ਲੈ ਜਾਣਗੇ। ਉਕਤ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਲਾਚਾਰੀ ਦਾ ਫਾਇਦਾ ਚੁੱਕ ਕੇ ਘਰ ਖੜ੍ਹੀ ਕਾਰ ਨੂੰ ਡੁਬਲੀਕੇਟ ਚਾਬੀ ਲਾ ਕੇ ਲੈ ਗਏ।

ਪੀੜਤ ਔਰਤ ਮੁਤਾਬਕ ਇਸ ਤੋਂ ਕੁਝ ਦਿਨ ਪਹਿਲਾਂ ਵੀ ਊਸ਼ਾ ਮਾਹੀ, ਨਰਿੰਦਰ ਸਿੰਘ ਮਿੱਠੂ, ਜਸਬੀਰ ਕੁਮਾਰ ਅਤੇ ਮਨਜੋਤ ਕੌਰ ਅਤੇ ਅਣਪਛਾਤੇ ਲੋਕ ਉਸ ਦੇ ਘਰ ਆਏ ਅਤੇ ਪੈਸੇ ਮੰਗਦੇ ਹੋਏ ਉਸ ਨੂੰ ਥੱਪੜ ਮਾਰੇ ਅਤੇ ਅਲਮਾਰੀ ‘ਚੋਂ ਸੋਨੇ ਦੀਆਂ ਚਾਰ ਚੂੜੀਆਂ, 25 ਹਜ਼ਾਰ ਨਕਦੀ ਕੇਢੀ ਅਤੇ ਧਮਕੀ ਦਿੱਤੀ ਕਿ ਸ਼ਿਕਾਇਤ ਕੀਤੀ ਤਾਂ ਉਸ ਦੇ ਖਾਲੀ ਚੈੱਕ ਮੋਟੀ ਰਕਮ ਨਾਲ ਭਰ ਕੇ ਬੈਂਕ ‘ਚ ਲਾ ਦੇਣਗੇ।

ਰਾਜ ਕੁਮਾਰੀ ਮੁਤਾਬਕ ਉਸ ਨੇ ਊਸ਼ਾ ਮਾਹੀ ਤੋਂ 2.50 ਲੱਖ 15 ਫੀਸਦੀ ਵਿਆਜ ‘ਤੇ ਲਏ ਸੀ, ਜੋ ਉਸ ਨੇ ਵਾਪਸ ਦੇ ਦਿੱਤੇ ਸਨ ਅਤੇ ਜੋ ਖਾਲੀ ਚੈੱਕ ਉਸ ਨੇ ਮਾਹੀ ਨੂੰ ਦਿੱਤੇ ਸੀ, ਉਹ ਵਾਪਸ ਨਹੀਂ ਕੀਤੇ ਗਏ। ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀਆਂ ਵੱਲੋਂ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਕੇਸ ‘ਚ ਊਸ਼ਾ ਮਾਹੀ ਪੁੱਤਰੀ ਸਰਵਨ ਦਾਸ ਵਾਸੀ ਟਾਵਰ ਐਨਕਲੇਵ ਫੇਜ਼-3, ਜਸਬੀਰ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਖਾਂਬਰਾ ਹਾਲ ਟਾਵਰ ਐਨਕਲੇਵ ਫੇਜ਼-1 ਅਤੇ ਮਨਜੋਤ ਕੌਰ ਪਤਨੀ ਕੁਲਦੀਪ ਕੁਮਾਰ ਵਾਸੀ ਨਾਹਲਾਂ ਕਾਲੋਨੀ ਪੁਲਸ ਨੂੰ ਲੋੜੀਂਦੇ ਹਨ। ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੇਸ ‘ਚ ਬਾਕੀ ਦੇ ਲੋਕਾਂ ਨੂੰ ਪੁਲਸ ਜਲਦ ਹੀ ਗ੍ਰਿਫਤਾਰ ਕਰ ਲਵੇਗੀ, ਸਾਰੇ ਦੋਸ਼ੀ ਘਰੋਂ ਫਰਾਰ ਹੋਣ ਕਾਰਨ ਪੁਲਸ ਦੀ ਪਹੁੰਚ ਤੋਂ ਦੂਰ ਹਨ। ਜਦ ਇਸ ਮਾਮਲੇ ਸਬੰਧੀ ਊਸ਼ਾ ਮਾਹੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ।