ਅਗਾਂਹਵਧੂ ਕਿਸਾਨ ਦੇ ਖੇਤ ’ਚ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਪੁੱਜਾ ਥਾਣੇ

ਸਮਰਾਲਾ,ਪਿੰਡ ਦੀਵਾਲਾ ਦੇ ਅਗਾਂਹਵਧੂ ਕਿਸਾਨ, ਜਿਸ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਪਿਛਲੇ ਸਮਿਆਂ ਦੌਰਾਨ ਪਰਾਲੀ ਨਾ ਫੂਕਣ ਬਦਲੇ ਸਨਮਾਨਤ ਕੀਤਾ ਜਾ ਚੁੱਕਾ ਹੈ, ਦੇ ਖੇਤਾਂ ਵਿਚ ਅਚਾਨਕ ਲੱਗੀ ਅੱਗ ਦਾ ਸੱਚ ਕੁਝ ਹੋਰ ਹੀ ਸਾਹਮਣੇ ਆਇਆ ਹੈ। ਇਹ ਮਾਮਲਾ ਥਾਣਾ ਸਮਰਾਲਾ ਵਿਚ ਪੁੱਜ ਚੁੱਕਾ ਹੈ, ਜਿਥੇ ਪੀੜਤ ਕਿਸਾਨ ਨੇ ਦੋਸ਼ ਲਾਇਆ ਕਿ ਮੇਰੀਆਂ ਸਬਸਿਡੀਆਂ ਰੁਕਵਾਉਣ ਲਈ ਸਾਜ਼ਿਸ਼ ਅਧੀਨ ਗੁਆਂਢੀ ਕਿਸਾਨ ਵਲੋਂ ਖੇਤ ਵਿਚ ਖਡ਼੍ਹੀ ਪਰਾਲ਼ੀ ਨੂੰ ਅੱਗ ਲਾਈ ਗਈ।
ਜਾਣਕਾਰੀ ਅਨੁਸਾਰ ਕਿਸਾਨ ਸੁਖਜੀਤ ਸਿੰਘ  ਨੇ ਐੱਸ. ਐੱਚ. ਓ. ਸਮਰਾਲਾ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਕਿ ਮੈਂ ਬਲਜੀਤ ਸਿੰਘ ਦੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹਾਂ ਅਤੇ ਹੁਣ ਮੈਂ ਜੀਰੀ ਦੀ ਫ਼ਸਲ ਕੱਟ ਚੁੱਕਾ ਸੀ। ਮੇਰੇ ਨਾਲ  ਵਾਲੇ  ਖੇਤ ’ਚ ਖੇਤੀ ਕਰਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ, ਜਿਨ੍ਹਾਂ  ਨੇ ਜਾਣਬੁੱਝ ਕੇ ਮੇਰੇ ਖੇਤਾਂ ਨੂੰ ਵੀ ਅੱਗ ਲਾ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਰਾਲੀ ਫੂਕਣ ਦੇ ਸਖ਼ਤ ਖਿਲਾਫ਼ ਹਨ ਤੇ ਇਸੇ ਕਾਰਨ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਖੇਤ ਨੂੰ ਲੱਗੀ ਅੱਗ ਦੇਖ਼ ਕੇ ਉਸਨੇ ਅੱਗ ਲਾਉਣ ਵਾਲੇ ਕਿਸਾਨ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਅੱਗੋਂ ਉਸ ਨੇ ਜਵਾਬ ਦਿੱਤਾ ਕਿ ਤੇਰੀਆਂ ਸਬਸਿਡੀਆਂ ਬੰਦ ਕਰਵਾਉਣੀਆਂ ਹਨ। ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਤੁਰੰਤ ਤਹਿਸੀਲਦਾਰ ਸਮਰਾਲਾ ਨਵਦੀਪ ਸਿੰਘ ਨੂੰ ਫੋਨ ਕੀਤਾ ਤੇ ਫ਼ੋਨ ਉੱਪਰ ਅੱਗ ਲਾਉਣ ਵਾਲੇ ਕਿਸਾਨ ਦੀ ਗੱਲ ਵੀ ਕਰਵਾ ਦਿੱਤੀ। ਅੱਗ ਲਾਉਣ ਵਾਲੇ ਕਿਸਾਨ ਨੇ ਫ਼ੋਨ ’ਤੇ ਤਹਿਸੀਲਦਾਰ ਨੂੰ ਕਹਿ ਦਿੱਤਾ ਕਿ ਜੋ ਵੀ ਜੁਰਮਾਨਾ ਇਸ ਖੇਤ ਨੂੰ ਅੱਗ ਲਾਉਣ ਦਾ ਬਣੇਗਾ, ਉਹ ਸੁਖਜੀਤ ਸਿੰਘ ਦੀ ਥਾਂ ਖੁਦ ਭਰੇਗਾ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਤਹਿਸੀਲਦਾਰ ਸਮਰਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਸੁਖਜੀਤ ਸਿੰਘ ਵਲੋਂ ਫੋਨ ’ਤੇ ਕਰਵਾਈ ਗਈ ਗੱਲਬਾਤ ਦੌਰਾਨ ਕਿਸਾਨ ਰੁਪਿੰਦਰ ਸਿੰਘ ਨੇ ਇਹ ਗੱਲ ਉਨ੍ਹਾਂ ਨੂੰ ਆਖੀ ਕਿ ਉਹ ਖੇਤ ਦਾ ਹਰਜਾਨਾ ਖ਼ੁਦ ਅਦਾ ਕਰਨਗੇ। ਇਸ ਸਬੰਧੀ ਜਦੋਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਿਸਾਨ ਰੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਖੇਤ ਵਿਚ ਅੱਗ ਲਾਈ ਗਈ ਸੀ ਪਰ ਅੱਗ ’ਤੇ ਕਾਬੂ ਨਾ ਪੈਣ ਕਾਰਨ ਉਹ ਦੂਜੇ ਪਾਸੇ ਸੁਖਜੀਤ ਸਿੰਘ ਦੇ ਖੇਤਾਂ ਵਿਚ ਜਾ ਲੱਗੀ, ਜਿਸ ਦਾ ਉਹ ਹਰਜਾਨਾ ਭਰਨ ਲਈ ਤਿਆਰ ਹਨ ਪਰ ਉਨ੍ਹਾਂ ਨੇ ਇਸ ਦੋਸ਼ ਨੂੰ ਨਾਕਾਰ ਦਿੱਤਾ ਕਿ ਇਹ ਅੱਗ ਸਾਜ਼ਿਸ਼ ਅਧੀਨ ਜਾਣ ਬੁੱਝ ਕੇ ਲਾਈ ਗਈ ਹੈ। ਦੂਜੇ ਪਾਸੇ ਕਿਸਾਨ ਸੁਖਜੀਤ ਸਿੰਘ ਥਾਣਾ ਸਮਰਾਲਾ ਤੋਂ ਆਪਣੇ ਵਿਰੋਧੀ ਕਿਸਾਨ ਦੇ ਵਿਰੁੱਧ ਐੱਫ਼. ਆਈ. ਆਰ. ਦਰਜ ਕਰਨ ਦੀ ਮੰਗ ਕਰ ਰਹੇ ਹਨ, ਜਦਕਿ ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
ਦੋਵਾਂ ਖੇਤਾਂ ਦਾ ਜੁਰਮਾਨਾ ਭੁਗਤੇਗਾ ਕਿਸਾਨ ਰੁਪਿੰਦਰ ਸਿੰਘ : ਭੂਮੀ ਰੱਖਿਆ ਅਫਸਰ
ਰੱਖਿਆ ਭੂਮੀ ਅਫਸਰ ਸਮਰਾਲਾ ਹਰਵਿੰਦਰ ਸਿੰਘ ਚੱਠਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਪਿੰਡ ਦੀਵਾਲਾ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਦੋਸ਼ ਹੇਠ ਰੁਪਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ  ਦੀਵਾਲਾ ਦਾ ਚਲਾਨ ਕੱਟ ਦਿੱਤਾ ਗਿਆ ਹੈ ਤੇ ਹੁਣ ਪਟਵਾਰੀ ਦੀ ਰਿਪੋਰਟ ਤੋਂ ਬਾਅਦ ਬਣਦਾ ਜੁਰਮਾਨਾ ਵਸੂਲਿਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਥਾਨਕ ਪ੍ਰਸ਼ਾਸਨ ਵਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਅਗਾਂਹਵਧੂ ਕਿਸਾਨ ਸੁਖਜੀਤ ਸਿੰਘ ਦੇ ਖੇਤਾਂ ਵਿਚ ਲੱਗੀ ਅੱਗ ਦਾ ਮੁਆਵਜ਼ਾ ਵੀ ਰੁਪਿੰਦਰ ਸਿੰਘ ਨੂੰ ਭੁਗਤਣਾ ਪਵੇਗਾ।